ਫਤਿਆਬਾਦ, 7 ਮਾਰਚ (ਹਰਵਿੰਦਰ ਸਿੰਘ ਧੂੰਦਾ)-ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਮਾਝੇ ਦੇ ਇਤਿਹਾਸਿਕ ਨਗਰ ਨੌਰੰਗਾਬਾਦ ਜ਼ਿਲ੍ਹਾ ਤਰਨ ਤਾਰਨ ਵਿਖੇ ਬਾਬਾ ਬੀਰ ਸਿੰਘ ਜੀ ਦੇ ਪਵਿੱਤਰ ਅਸਥਾਨ 'ਤੇ ਇਕ ਮਾਰਚ ਤੋਂ ਲਗਾਤਾਰ ਦੀਵਾਨ ਸਜਾਏ ਜਾ ਰਹੇ ਹਨ | ਜਿਸ ਵਿਚ ਪੰਥ ਪ੍ਰਸਿੱਧ ਕਵੀਸ਼ਰ ਜਥਾ ਗਿਆਨੀ ਗੁਰਿੰਦਰਪਾਲ ਸਿੰਘ ਬੈਂਕਾ ਅਤੇ ਭਗਵੰਤ ਸਿੰਘ ਸੂਰਵਿੰਡ ਵਾਲੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਰਹੇ ਹਨ | ਇਨ੍ਹਾਂ ਦੀਵਾਨਾਂ ਵਿਚ ਵਿਸ਼ੇਸ਼ ਤੌਰ 'ਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਬਾਬਾ ਬੀਰ ਸਿੰਘ ਨੌਰੰਗਾਬਾਦਦੀ ਅਤੇ ਹੋਲੇ ਮਹੱਲੇ ਦਾ ਇਤਿਹਾਸ ਸਰਵਣ ਕਰਵਾਇਆ | ਇਹ ਸਮਾਗਮ ਹਰ ਸਾਲ ਸੰਤ ਬਾਬਾ ਵਰਿਆਮ ਸਿੰਘ ਤੋਂ ਵਰੋਸਾਏ ਸੰਤ ਬਾਬਾ ਹਰਜੀਤ ਸਿੰਘ ਵਲੋਂ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਏ ਜਾਂਦੇ ਹਨ, ਜਿਸ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦੀਆਂ ਹਨ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਹਨ | ਇਨ੍ਹਾਂ ਸਮਾਗਮਾਂ ਵਿਚ ਸਟੇਜ ਦੀ ਸਮੁੱਚੀ ਸੇਵਾ ਡਾਕਟਰ ਕੁਲਦੀਪ ਸਿੰਘ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਕਬੱਡੀ ਦੇ ਮੈਚ ਕਰਵਾਏ ਜਾਂਦੇ ਹਨ | ਇਸ ਮੌਕੇ ਬਾਬਾ ਗੁਰਮੇਜ ਸਿੰਘ ਢੋਟੀ ਦੇ ਭਰਾਤਾ ਭਾਈ ਕੁਲਵਿੰਦਰ ਸਿੰਘ ਢੋਟੀਆਂ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ |
ਮਾਝੇ ਦੇ ਇਤਿਹਾਸਿਕ ਨਗਰ ਪਿੰਡ ਨੌਰੰਗਾਬਾਦ ਵਿਖੇ ਹੋਲੇ ਮਹੱਲੇ ਸੰਬੰਧੀ ਦੀਵਾਨ ਸਜਾਏ
ਅਜੀਤ ਡੈਸਕ
08-03-2026