ਤਰਨ ਤਾਰਨ, 7 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਲੋਂ ਘਰ ਵਿਚ ਖੜੇ੍ਹ ਮੋਟਰਸਾਈਕਲ ਨੂੰ ਚੋਰੀ ਕਰਨ ਦੇ ਮਾਮਲੇ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖੇ ਨਿਰਮਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਭੰਡਾਣੀਆੰ ਗੋਇੰਦਵਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਖੇ ਬਤੌਰ ਰਾਜ ਮਿਸਤਰੀ ਕੰਮ ਕਰਦਾ ਹਾਂ | 16 ਫਰਵਰੀ ਨੂੰ ਮੈਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਤੋਂ ਆਪਣੇ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਪੀ.ਬੀ. 46 ਏ.ਪੀ. 7822 ਤੋਂ ਆਪਣੇ ਘਰ ਰੋਟੀ ਖਾਣ ਲਈ ਆਇਆ ਸੀ | ਮੈਂ ਆਪਣੇ ਘਰ ਦੇ ਵਿਹੜੇ 'ਚ ਮੋਟਰਸਾਈਕਲ ਖੜ੍ਹਾ ਕਰਕੇ ਕਮਰੇ ਅੰਦਰ ਰੋਟੀ ਖਾਣ ਚਲਾ ਗਿਆ | ਜਦ ਮੈਂ ਰੋਟੀ ਖਾ ਕੇ ਵਾਪਿਸ ਜਾਣ ਲੱਗਾ ਤਾਂ ਮੇਰੇ ਘਰ ਦੇ ਵਿਹੜੇ 'ਚੋਂ ਮੇਰਾ ਮਟਰਸਾਈਕਲ ਗਾਇਬ ਸੀ, ਜਿਸ ਦਾ ਆਸ-ਪਾਸ ਕਾਫੀ ਭਾਲ ਕੀਤੀ ਗਈ ਲੇਕਿਨ ਕੋਈ ਪਤਾ ਨਹੀਂ ਚੱਲਿਆ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |