ਤਰਨ ਤਾਰਨ, 8 ਮਾਰਚ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਪਲਾਸੌਰ ਵਿਖੇ ਬੀਤੇ ਦਿਨੀਂ ਹੋਈ ਲੜਾਈ ਦੌਰਾਨ ਦੋਵਾਂ ਧਿਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਤੇ ਇੱਟਾਂ ਰੋੜਿਆਂ ਤੋਂ ਬਾਅਦ ਇਕ ਵਿਅਕਤੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਇਕ ਹੋਰ ਵਿਅਕਤੀ ਦੇ ਸੱਟਾਂ ਲੱਗੀਆਂ | ਗੋਲੀ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਅੰਮਿ੍ਤਸਰ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਇਸ ਸੰਬੰਧ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਧਿਰਾਂ ਨਾਲ ਸੰਬੰਧਿਤ 15 ਵਿਅਕਤੀਆਂ ਤੋਂ ਇਲਾਵਾ ਉਨ੍ਹਾਂ ਨਾਲ ਆਏ ਹੋਰ 24 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਡੀ. ਐਸ. ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਏ. ਐਸ. ਆਈ. ਸਤਨਾਮ ਸਿੰਘ ਪੁਲਿਸ ਪਾਰਟੀ ਨਾਲ ਮੁਹੱਲਾ ਜਸਵੰਤ ਸਿੰਘ ਵਿਖੇ ਮੌਜੂਦ ਸੀ ਕਿ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਪਿੰਡ ਦੇ ਰਹਿਣ ਵਾਲੇ ਇਕ ਧਿਰ ਦੇ ਜਗਰੂਪ ਸਿੰਘ ਉਰਫ ਗੁੱਜਰ, ਸ਼ਮੀਰ ਪੁਤਰਾਨ ਅਸ਼ੋਕ ਕੁਮਾਰ, ਰਣਜੀਤ ਸਿੰਘ ਉਰਫ਼ ਗਿਆਨੀ ਪੁੱਤਰ ਜਗੀਰ ਸਿੰਘ, ਅਕਾਸ਼ਦੀਪ ਸਿੰਘ ਉਰਫ਼ ਹਵਾਈ ਪੁੱਤਰ ਜਗੀਰ ਸਿੰਘ, ਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਅਕਾਸ਼ਦੀਪ ਸਿੰਘ ਉਰਫ਼ ਝੋਟਾ ਪੁੱਤਰ ਤਰਲੋਕ ਸਿੰਘ, ਅਕਾਸ਼ਦੀਪ ਸਿੰਘ ਉਰਫ਼ ਬਲੰਡਰ ਪੁੱਤਰ ਦਲਬੀਰ ਸਿੰਘ, ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਰਾਜੂ ਸਿੰਘ, ਇੰਦਰਜੀਤ ਸਿੰਘ ਪੁੱਤਰ ਸਵਰਨ ਸਿੰਘ, ਸਾਹਿਲ ਪੁੱਤਰ ਗੱਜੂ, ਲਖਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀਆਨ ਪਲਾਸੌਰ ਨਾਲ 10-12 ਅਣਪਛਾਤੇ ਵਿਅਕਤੀ ਤੇ ਦੂਜੀ ਧਿਰ ਦੇ ਵੀਰੂ ਪੁੱਤਰ ਸਰਬਜੀਤ ਸਿੰਘ, ਮਾਪੀ ਪੁੱਤਰ ਬਿੱਟੂ, ਜੋਬਨ ਪੁੱਤਰ ਸਰਬਜੀਤ ਸਿੰਘ, ਪਿ੍ੰਸ ਪੁੱਤਰ ਦਾਰੀ ਸਾਰੇ ਵਾਸੀਆਨ ਪਲਾਸੌਰ ਸਮੇਤ 10-12 ਅਣਪਛਾਤੇ ਵਿਅਕਤੀ ਜੋ ਕਿ ਮਾੜੇ ਆਚਰਣ ਦੇ ਵਿਅਕਤੀ ਹਨ, ਆਮ ਤੌਰ 'ਤੇ ਲੋਕਾਂ ਵਿਚ ਦਹਿਸ਼ਤ ਪਾਉਣ ਲਈ ਇਹ ਗੋਲੀਆਂ ਚਲਾ ਦਿੰਦੇ ਹਨ ਤੇ ਇਕ ਦੂਜੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਨੂੰ ਦੋਵਾਂ ਧਿਰਾਂ ਨੇ ਅਣਪਛਾਤੇ ਵਿਅਕਤੀਆਂ ਨੇ ਆਪਸ ਵਿਚ ਲੜਾਈ ਝਗੜਾ ਕੀਤਾ ਤੇ ਇਕ ਦੂਜੇ ਵੱਲ ਮਾਰ ਦੇਣ ਦੀ ਨੀਅਤ ਨਾਲ ਸਿੱਧੀਆਂ ਗੋਲੀਆਂ ਚਲਾਈਆਂ ਅਤੇ ਇੱਟਾਂ ਰੋੜੇ ਚਲਾ ਕੇ ਪੂਰੀ ਗੁੰਡਾਗਰਦੀ ਕੀਤੀ ਹੈ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੈ | ਉਨ੍ਹਾਂ ਦੱਸਿਆ ਕਿ ਇਸ ਲੜਾਈ ਦੌਰਾਨ ਪਿੰਡ ਦੇ ਸਰਵਣ ਸਿੰਘ ਉਰਫ਼ ਸ਼ੰਮੂ ਪੁੱਤਰ ਬਲਦੇਵ ਸਿੰਘ ਦੇ ਲੱਕ ਤੇ ਬਾਂਹ ਵਿਚ ਗੋਲੀਆਂ ਲੱਗੀਆਂ ਹਨ, ਜਦਕਿ ਸਿਕੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਲਾਸੌਰ ਵੀ ਜ਼ਖ਼ਮੀ ਹੋਇਆ ਹੈ | ਜ਼ਖ਼ਮੀ ਹੋਏ ਵਿਅਕਤੀ ਨੂੰ ਅੰਮਿ੍ਤਸਰ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਪੁਲਿਸ ਵਲੋਂ ਉਕਤ ਦੋਵਾਂ ਧਿਰਾਂ ਦੇ ਵਿਅਕਤੀਆਂ ਦੇ ਖ਼ਿਲਾਫ਼ ਆਰਮਜ਼ ਐਕਟ ਤਹਿਤ ਤੋਂ ਇਲਾਵਾ ਹੋਰਨਾਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ | ਇਹ ਮਾਮਲਾ ਚੌਕੀ ਟਾਊਨ ਦੇ ਇੰਚਾਰਜ ਏ. ਐਸ. ਆਈ. ਗੁਰਪ੍ਰੀਤ ਸਿੰਘ ਵਲੋਂ ਦਰਜ ਕੀਤਾ ਗਿਆ ਹੈ | ਪੁਲਿਸ ਨੇ ਉਕਤ ਵਿਅਕਤੀਆਂ 'ਚ ਨਾਮਜ਼ਦ ਸਾਰਿਆਂ ਨੂੰ ਗਿ੍ਫ਼ਤਾਰ ਕਰਨ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |