ਤਰਨ ਤਾਰਨ, 8 ਮਾਰਚ (ਹਰਿੰਦਰ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖੀ ਵਿਰਸਾ ਸੰਭਾਲ ਸੰਸਥਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵਲੋਂ ਧਰਮ ਪ੍ਰਚਾਰ ਲਹਿਰ ਤਹਿਤ ਵੱਖ-ਵੱਖ ਪਿੰਡਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਇਨ੍ਹਾਂ ਸਮਾਗਮਾਂ ਦੌਰਾਨ ਪਹਿਲੇ ਦਿਨ ਪਿੰਡ ਬਾਗੜੀਆਂ ਵਿਖੇ ਸ਼ਾਮ ਸਮੇਂ ਗੁਰਦੁਆਰਾ ਬਾਬਾ ਸਰਦਾਰਾ ਸਿੰਘ ਪੱਤੀ ਥੇਹ ਵਾਲੀ ਵਿਖੇ ਮਾਸਟਰ ਬਲਦੇਵ ਸਿੰਘ, ਨਿਸ਼ਾਨ ਸਿੰਘ ਕਵੀਸ਼ਰ, ਅਰਵਿੰਦਰਪਾਲ ਸਿੰਘ ਡੀ. ਸੀ., ਸੁਖਜਿੰਦਰਪਾਲ ਸਿੰਘ ਕੱਦਗਿੱਲ ਅਤੇ ਮਨਜੀਤ ਸਿੰਘ ਰਾਗੀ ਵਲੋਂ ਕਥਾ ਕੀਰਤਨ ਰਾਹੀਂ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਇਸੇ ਲੜੀ ਤਹਿਤ ਸਮਾਗਮਾਂ ਦੇ ਦੂਜੇ ਦਿਨ ਪਿੰਡ ਪੱਖੋਕੇ ਦੇ ਗੁਰਦੁਆਰਾ ਚੜ੍ਹਦੀ ਪੱਤੀ ਵਿਖੇ ਸ਼ਾਮ ਦੇ ਸਮਾਗਮਾਂ ਦੌਰਾਨ ਸਜਾਏ ਦੀਵਾਨ 'ਚ ਕਵੀਸ਼ਰ ਨਿਸ਼ਾਨ ਸਿੰਘ ਝਬਾਲ, ਰਾਗੀ ਹਰਮਨਦੀਪ ਸਿੰਘ ਗੁਰਦਾਸਪੁਰ, ਅਜਮੇਰ ਸਿੰਘ ਬਟਾਲਾ, ਹੀਰਾ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਮਾਸਟਰ ਬਲਦੇਵ ਸਿੰਘ ਅਤੇ ਮਨਜੀਤ ਸਿੰਘ ਰਾਗੀ ਵਲੋਂ ਕਥਾ ਕੀਰਤਨ ਰਾਹੀਂ ਆਈ ਹੋਈ ਸੰਗਤ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ | ਇਸ ਮੌਕੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਮਿਤੀ 8 ਮਾਰਚ ਨੂੰ ਪੱਖੋਕੇ ਦੇ ਗੁਰਦੁਆਰਾ ਸਾਹਿਬ ਤੋਂ ਪ੍ਰਭਾਤ ਫੇਰੀ ਆਰੰਭ ਹੋਈ, ਜੋ ਕਿ ਨਗਰ ਦੀ ਪ੍ਰਕਰਮਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਈ | ਪ੍ਰਭਾਤ ਫੇਰੀ ਦੌਰਾਨ ਸੰਗਤਾਂ ਨੇ ਸ਼ਬਦ ਗਾਇਨ ਕੀਤੇ | ਇਸ ਤੋਂ ਇਲਾਵਾ ਸਮਾਗਮਾਂ ਦੌਰਾਨ ਹੋਏ ਅੰਮਿ੍ਤ ਸੰਚਾਰ ਦੌਰਾਨ ਅਨੇਕਾਂ ਪ੍ਰਾਣੀ ਅੰਮਿ੍ਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ | ਇਸ ਮੌਕੇ ਮੈਂਬਰ ਸ਼ੋ੍ਰਮਣੀ ਕਮੇਟੀ ਜਥੇ. ਅਲਵਿੰਦਰਪਾਲ ਸਿੰਘ ਪੱਖੋਕੇ, ਸਰਪੰਚ ਅਵਤਾਰ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਪੱਖੋਕੇ ਗੁ. ਚੜ੍ਹਦੀ ਪੱਤੀ, ਕਲਗੀਧਰ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਸਮਾਗਮਾਂ ਨੂੰ ਨੇਪਰੇ ਚਾੜ੍ਹਨ ਵਿਚ ਪੂਰਨ ਸਹਿਯੋਗ ਦਿੱਤਾ | ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |