ਪੱਟੀ, 2 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸੜਕ ਹਾਦਸੇ ਦੌਰਾਨ ਐਚ.ਡੀ.ਐਫ.ਸੀ. ਬੈਂਕ ਪੱਟੀ ਵਿਚ ਤਾਇਨਾਤ ਇਕ ਨੌਜਵਾਨ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਪੁੱਤਰ ਕੁਲਜੀਤ ਸਿੰਘ ਉਮਰ ਕਰੀਬ 35 ਸਾਲ, ਜੋ ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਪੱਟੀ 'ਚ ਨੌਕਰੀ ਕਰਦਾ ਸੀ | ਸ਼ਾਮ ਵੇਲੇ ਡਿਊਟੀ ਤੋਂ ਬਾਅਦ ਆਪਣੇ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ | ਜਦੋਂ ਉਹ ਪੱਟੀ ਤੋਂ ਕੁੱਲੇ ਦੇ ਵਿਚਕਾਰ ਪਹੁੰਚਿਆ ਤਾਂ ਪਿੱਛੋਂ ਆ ਰਹੇ ਇਕ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਲੱਗਣ ਕਾਰਨ ਹਰਿੰਦਰ ਸਿੰਘ ਸੜਕ 'ਤੇ ਡਿੱਗ ਪਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਦੱਸਿਆ ਜਾਂਦਾ ਹੈ ਕਿ ਹਰਿੰਦਰ ਸਿੰਘ ਦਾ ਕਰੀਬ ਦੋ ਸਾਲ ਪਹਿਲਾਂ ਸਿਮਰਜੀਤ ਕੌਰ ਨਾਲ ਵਿਆਹ ਹੋਇਆ ਸੀ ਅਤੇ ਉਸ ਦੀ ਇਕ ਸਾਲ ਦੀ ਬੇਟੀ ਨੂਰ ਕੌਰ ਵੀ ਹੈ | ਪੋਸਟਮਾਰਟਮ ਹੋਣ ਤੋਂ ਬਾਅਦ ਹਰਿੰਦਰ ਸਿੰਘ ਦੀ ਮਿ੍ਤਕ ਦੇਹ ਦਾ ਉਸ ਦੇ ਪਿੰਡ ਅਹਿਮਦਪੁਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਪੁਲਿਸ ਨੇ ਮਿ੍ਤਕ ਦੇ ਪਿਤਾ ਕੁਲਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਸਿਟੀ ਪੱਟੀ ਵਿਚ ਐਫ.ਆਈ. ਆਰ. ਨੰਬਰ 50 ਦਰਜ ਕਰਕੇ ਅਣਪਛਾਤੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਸ ਦਰਮਿਆਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਹਾਦਸੇ ਲਈ ਜਿੰਮੇਵਾਰ ਵਿਅਕਤੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ |