ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਵਿਜ਼ਡਮ ਸਕੂਲ ਆਫ ਅਕੈਡਮਿਕ ਐਂਡ ਸਪੋਰਟਸ ਤਰਨ ਤਾਰਨ ਨੇ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਕੀਤੀ | ਇਸ ਮੌਕੇ ਸਕੂਲ 'ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ, ਜਿਸ ਨੇ ਸਮੁੱਚੇ ਮਾਹੌਲ ਨੂੰ ਅਧਿਆਤਮਕਤਾ ਅਤੇ ਸ਼ਰਧਾ ਨਾਲ ਭਰ ਦਿੱਤਾ | ਸਾਰਿਆਂ ਨੇ ਸ਼ਰਧਾ ਨਾਲ ਭਾਗ ਲਿਆ ਅਤੇ ਪ੍ਰਮਾਤਮਾ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਨਵੇਂ ਸੈਸ਼ਨ ਦੀ ਸਫ਼ਲਤਾ ਲਈ ਅਰਦਾਸ ਕੀਤੀ | ਇਸ ਮੌਕੇ ਚੇਅਰਮੈਨ ਰਮਨੀਕ ਖੇੜਾ, ਡਾਇਰੈਕਟਰ ਅੰਮਿ੍ਤ ਖੇੜਾ, ਪਿ੍ੰਸੀਪਲ ਸ੍ਰੀਮਤੀ ਗੁਰਪ੍ਰੀਤ ਜੌਹਲ, ਵਾਈਸ ਪਿ੍ੰਸੀਪਲ ਹਰਲੀਨ ਕੌਰ, ਪ੍ਰਬੰਧਕ ਸ਼ਵੇਤਾ ਸਹਿਗਲ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ | ਵਿਦਿਆਰਥੀਆਂ ਦਾ ਬੜੇ ਹੀ ਪਿਆਰ ਨਾਲ ਨਿੱਘਾ ਸਵਾਗਤ ਕੀਤਾ ਗਿਆ, ਜਿਸ ਨਾਲ ਖੁਸ਼ੀ ਵਾਲਾ ਮਾਹੌਲ ਪੈਦਾ ਹੋ ਗਿਆ | ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਲਈ ਪਿਆਰ ਭਰੇ ਤੋਹਫ਼ੇ ਅਤੇ ਆਕਰਸ਼ਕ ਚਿੱਤਰਕਾਰੀ ਤਿਆਰ ਕਰਕੇ ਸ਼ਲਾਘਾਯੋਗ ਉਪਰਾਲਾ ਕੀਤਾ | ਨਵੇਂ ਸੈਸ਼ਨ ਦੇ ਪਹਿਲੇ ਦਿਨ ਵਿਦਿਆਰਥੀਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ | ਸੈਲਫੀ ਪੁਆਇੰਟ ਉੱਤੇ ਉਨ੍ਹਾਂ ਦੀਆਂ ਯਾਦਗਾਰੀ ਤਸਵੀਰਾਂ ਖਿੱਚੀਆਂ ਗਈਆਂ | ਵਿਦਿਆਰਥੀਆਂ ਨੇ ਡਾਂਸ, ਮਜ਼ੇਦਾਰ ਗਤੀਵਿਧੀਆਂ ਅਤੇ ਦਿਲਚਸਪ ਕਲਾਸ ਦੀਆਂ ਖੇਡਾਂ ਵਿਚ ਭਾਗ ਲਿਆ | ਪੂਰੇ ਸਕੂਲ ਵਿਚ ਹਾਸੇ ਅਤੇ ਸਕਾਰਤਮਕਤਾ ਦੇ ਮਾਹੌਲ ਦੀ ਗੂੰਜ ਸੀ, ਜਿਸਨੇ ਸੈਸ਼ਨ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾ ਦਿੱਤਾ | ਮਾਪਿਆਂ ਨੇ ਵੀ ਅਧਿਆਪਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਹਿਲੇ ਦਿਨ ਨੂੰ ਬੱਚਿਆਂ ਲਈ ਬਹੁਤ ਖ਼ਾਸ ਬਣਾ ਦਿੱਤਾ |