ਮਾਝਾ ਅਤੇ ਮਾਲਵਾ ਵਿਚ ਝੱਖੜ, ਮੀਂਹ ਅਤੇ ਗੜੇਮਾਰੀ <br/>
ਅਜੀਤ ਡੈਸਕ
08-04-2026
ਮੰਡੀਆਂ ਵਿਚ ਕਣਕ ਦੀ ਆਮਦ ਘੱਟ, ਖ਼ਰੀਦ ਪਿਛਲੇ ਸਾਲ ਨਾਲੋਂ ਕਾਫੀ ਪਿੱਛੇ
ਮੂਣਕ, (ਕੇਵਲ ਸਿੰਗਲਾ)-ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਕਿਣ-ਮਿਣ, ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਕਣਕ ਦੀ ਫ਼ਸਲ ਇਸ ਵੇਲੇ ਪੂਰੀ ਤਰ੍ਹਾਂ ਵਾਢੀ ਲਈ ਤਿਆਰ ਖੜੀ ਹੈ, ਪਰ ਮੌਸਮ ਦੀ ਮਾਰ ਨੇ ਕਿਸਾਨਾਂ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ | ਬਾਰਿਸ਼ ਦੇ ਚੱਲਦੇ ਮੰਡੀਆਂ ਵਿਚ ਕਣਕ ਦੀ ਆਮਦ ਵਿਚ ਵੀ ਵੱਡੀ ਕਮੀ ਦੇਖਣ ਨੂੰ ਮਿਲੀ ਹੈ | ਜਿੱਥੇ ਪਿਛਲੇ ਸਾਲ ਇਸ ਸਮੇਂ ਤੱਕ ਲਗਭਗ 20-25 ਲੱਖ ਮੈਟਿ੍ਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਸੀ, ਉੱਥੇ ਇਸ ਵਾਰ ਖ਼ਰੀਦ ਦੀ ਰਫ਼ਤਾਰ ਕਾਫੀ ਹੌਲੀ ਹੈ | ਕਈ ਮੰਡੀਆਂ ਵਿਚ ਤਾਂ ਅਜੇ ਤੱਕ ਕਣਕ ਦੀ ਆਮਦ ਸ਼ੁਰੂ ਵੀ ਨਹੀਂ ਹੋਈ ਤੇ ਵੱਡੇ ਖ਼ਰੀਦ ਸੈਂਟਰਾਂ 'ਚ ਵੀ ਖ਼ਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਰਫ਼ਤਾਰ ਨਹੀਂ ਫੜ ਸਕੀ | ਮੌਸਮੀ ਤਬਦੀਲੀਆਂ ਕਾਰਨ ਰਾਜ ਭਰ ਵਿਚ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ | ਕੁਝ ਇਲਾਕਿਆਂ ਵਿਚ ਗੜੇਮਾਰੀ ਨਾਲ ਸਿੱਧਾ ਨੁਕਸਾਨ ਹੋਇਆ ਹੈ, ਜਦਕਿ ਹੋਰ ਥਾਵਾਂ 'ਤੇ ਤੇਜ਼ ਹਵਾਵਾਂ ਨਾਲ ਫ਼ਸਲ ਢਹਿ ਜਾਣ ਕਾਰਨ ਉਪਜ ਘਟਣ ਦਾ ਖ਼ਤਰਾ ਬਣ ਗਿਆ ਹੈ | ਅਧਿਕਾਰਕ ਅੰਕੜੇ ਹਾਲੇ ਇਕੱਠੇ ਕੀਤੇ ਜਾ ਰਹੇ ਹਨ |