ਮਲੇਰਕੋਟਲਾ, 7 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਪੁਲਿਸ ਮੁਖੀ ਉਲੰਪੀਅਨ ਜਨਾਬ ਗਗਨ ਅੱਜ ਬਾਅਦ ਦੁਪਹਿਰ ਪ੍ਰੈੱਸ ਕਾਨਫ਼ਰੰਸ ਹਾਲ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਰਣਬੀਰ ਸਿੰਘ ਉਰਫ਼ ਦੀਪ ਪੁੱਤਰ ਅਮਰ ਸਿੰਘ ਵਾਸੀ ਮਹਿੰਦੀਪੁਰ, ਥਾਣਾ ਖੇਮਕਰਨ ਜ਼ਿਲ੍ਹਾ ਤਰਨਤਾਰਨ ਨੂੰ ਠੱਗੀਆਂ ਮਾਰਨ ਦੇ ਮਾਮਲੇ 'ਚ ਗਿ੍ਫਤਾਰ ਕੀਤਾ ਹੈ | ਉਸ ਨੇ ਪੰਜਾਬ ਪੁਲਿਸ ਦੇ ਸਿਪਾਹੀ ਰੈਂਕ ਦਾ ਆਈ.ਡੀ. ਕਾਰਡ ਤੇ ਵਰਦੀ ਪਾ ਕੇ ਲੋਕਾਂ ਨੂੰ ਕੰਮ ਕਰਵਾਉਣ ਦਾ ਲਾਰਾ ਲਾ ਕੇ ਪੈਸੇ ਹਾਸਲ ਕਰਦਾ ਹੈ, ਜੋ ਕਿ ਮਿਤੀ 5 ਅਪ੍ਰੈਲ ਨੂੰ ਵੀ ਬੱਸ ਅੱਡਾ ਬਾਗੜ੍ਹੀਆਂ ਕੋਲ ਆਪਣੇ ਅਸਰ ਰਸੂਖ ਨਾਲ ਪੈਸੇ ਹਾਸਲ ਕਰਨ ਲਈ ਆਇਆ ਹੋਇਆ ਹੈ | ਜਿਸ 'ਤੇ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਉਸਨੂੰ ਕਾਬੂ ਕਰ ਮਾਮਲਾ ਦਰਜ ਕਰ ਕੀਤਾ | ਜ਼ਿਲ੍ਹਾ ਪੁਲਿਸ ਮੁਖੀ ਉਲੰਪੀਅਨ ਗਗਨ ਅਜੀਤ ਸਿੰਘ ਨੇ ਅੱਗੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਰਣਬੀਰ ਸਿੰਘ ਉਰਫ਼ ਦੀਪ ਉਕਤ ਨੂੰ ਅਨਾਜ ਮੰਡੀ ਅਮਰਗੜ੍ਹ ਨਜ਼ਦੀਕ ਰਾਤ ਨੂੰ ਕਾਬੂ ਕਰਕੇ ਉਸ ਪਾਸੋਂ 2 ਜਿੰਦਾ ਰੌਂਦ (30 ਬੋਰ) 01 ਵਿਦੇਸ਼ੀ ਪਿਸਟਲ ਜੋ ਕਿ ਭਾਰਤ ਵਿਚ ਬੈਨ ਹੈ 30 ਬੋਰ, 1 ਪੰਜਾਬ ਪੁਲਿਸ ਦਾ ਸ਼ਨਾਖ਼ਤੀ ਕਾਰਡ ਨੰਬਰ 139/2016, ਪੰਜਾਬ ਪੁਲਿਸ ਦੀਆਂ ਬੱਸ ਸਫ਼ਰ ਕਰਨ ਵਾਲੀਆਂ ਟਿਕਟਾਂ, 1 ਆਈ ਫ਼ੋਨ ਸਮੇਤ ਜੀ.ਓ. ਦੀ ਸਿੰਮ ਬਰਾਮਦ ਕਰਕੇ ਬਾਅਦ ਪੁੱਛਗਿੱਛ ਮੁਕੱਦਮਾ ਵਿਚ ਹਸਬ ਜ਼ਾਬਤਾ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ 6 ਅਪ੍ਰੈਲ ਨੂੰ ਦੋਸ਼ੀ ਰਣਬੀਰ ਸਿੰਘ ਉਰਫ਼ ਦੀਪ ਉਕਤ ਨੂੰ ਮਾਨਯੋਗ ਅਦਾਲਤ ਮਲੇਰਕੋਟਲਾ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੀ ਪੁੱਛਗਿੱਛ ਦੇ ਆਧਾਰ ਪਰ ਹਰਪ੍ਰੀਤ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਪਿੰਡ ਵਲਟੋਹਾ, ਥਾਣਾ ਵਲਟੋਹਾ, ਜ਼ਿਲ੍ਹਾ ਤਰਨਤਾਰਨ ਅਤੇ ਗੁਰਲਾਲ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਪਿੰਡ ਮਹਿੰਦੀਪੁਰ, ਥਾਣਾ ਖੇਮ ਕਰਨ, ਜ਼ਿਲ੍ਹਾ ਤਰਨਤਾਰਨ ਨੂੰ ਮੁਕੱਦਮਾ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ ਤੇ 6 ਅਪ੍ਰੈਲ ਨੂੰ ਦੋਸ਼ੀ ਰਣਬੀਰ ਸਿੰਘ ਉਰਫ਼ ਦੀਪ ਉਕਤ ਦੀ ਸ਼ਨਾਖ਼ਤ ਤੇ ਮੁਕੱਦਮਾ ਦੇ ਦੋਸ਼ੀ ਹਰਪ੍ਰੀਤ ਸਿੰਘ ਉਕਤ ਨੂੰ ਮੁਕੱਦਮਾ ਵਿਚ ਹਸਬ ਜ਼ਾਬਤਾ ਗਿ੍ਫ਼ਤਾਰ ਕਰਕੇ ਉਸਦੇ ਕਬਜ਼ਾ 'ਚੋਂ 01 ਜਿੰਦਾ ਰੌਂਦ (30 ਬੋਰ) ਬਰਾਮਦ ਕਰਵਾਇਆ | ਦੋਸ਼ੀ ਹਰਪ੍ਰੀਤ ਸਿੰਘ ਦੀ ਸ਼ਨਾਖ਼ਤ ਤੇ ਮੁਕੱਦਮਾ ਦੇ ਦੋਸ਼ੀ ਗੁਰਲਾਲ ਸਿੰਘ 'ਤੇ ਮਾਮਲਾ ਦਰਜ ਕਰ ਗਿ੍ਫ਼ਤਾਰ ਕਰਕੇ ਉਸ ਪਾਸੋਂ 1 ਵਿਦੇਸ਼ੀ ਪਿਸਟਲ 30 ਬੋਰ ਮਾਰਕਾ ਪੀ.ਐਕਸ ਫਾਈਵ ਸਟੋਰਮ ਸਮੇਤ ਮੈਗਜ਼ੀਨ ਅਤੇ 02 ਜਿੰਦਾ ਰੌਂਦ (30 ਬੋਰ), 02 ਖ਼ਾਲੀ ਖੋਲ (30 ਬੋਰ) ਅਤੇ 01 ਪਿਸਟਲ (32 ਬੋਰ) ਸਮੇਤ 02 ਰੌਂਦ ਬਰਾਮਦ ਕੀਤੇ ਅਤੇ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ |
3 ਨਕਲੀ ਪੁਲਿਸ ਵਾਲੇ ਵਿਦੇਸ਼ੀ ਅਸਲ੍ਹੇ ਸਮੇਤ ਮਲੇਰਕੋਟਲਾ ਪੁਲਿਸ ਦੀ ਗਿ੍ਫ਼ਤ 'ਚ -ਗਗਨ ਅਜੀਤ ਸਿੰਘ
ਅਜੀਤ ਡੈਸਕ
08-04-2026