ਪੱਟੀ, 9 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਦੇ ਬਲਾਕ ਸਿੱਖਿਆ ਦਫਤਰ, ਜੋ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 5 ਪੱਟੀ (ਤਾਰਾਂ ਵਾਲਾ ਸਕੂਲ) ਵਿਖੇ ਸਥਿਤ ਹੈ, ਵਿਚ ਗੱਡੀ ਖੜ੍ਹਾਉਣ ਨੂੰ ਲੈ ਕੇ ਬਲਾਕ ਅਫਸਰ ਅਤੇ ਇਕ ਠੇਕੇਦਾਰ ਵਿਚਾਲੇ ਤਕਰਾਰ ਹੋ ਗਿਆ | ਜਾਣਕਾਰੀ ਅਨੁਸਾਰ ਸਰਕਾਰੀ ਸੜਕਾਂ ਦਾ ਠੇਕੇਦਾਰ ਚੰਦਨ ਭਾਰਦਵਾਜ ਵਾਸੀ ਗਲੀ ਪਟਵਾਰੀ ਜੈਸ਼ੀ ਰਾਮ ਵਾਲੀ ਪੱਟੀ ਨੇ ਦੱਸਿਆ ਕਿ ਇਸ ਬਲਾਕ ਦਫਤਰ ਵਿਚ ਰੋਜ਼ਾਨਾ 20 ਤੋਂ 25 ਗੱਡੀਆਂ ਖੜ੍ਹੀਆਂ ਹੁੰਦੀਆਂ ਹਨ ਅਤੇ ਉਹ ਵੀ ਹਮੇਸ਼ਾਂ ਆਪਣੀ ਗੱਡੀ ਇੱਥੇ ਹੀ ਖੜ੍ਹਾਉਂਦਾ ਆ ਰਿਹਾ ਹੈ | ਅੱਜ ਸਵੇਰੇ ਜਦੋਂ ਉਸ ਦਾ ਡਰਾਈਵਰ ਗੱਡੀ ਕੱਢਣ ਲਈ ਆਇਆ ਤਾਂ ਅੱਗੇ ਹੋਰ ਗੱਡੀ ਖੜ੍ਹੀ ਹੋਣ ਕਾਰਨ ਰਸਤਾ ਬੰਦ ਸੀ | ਉਸ ਦੇ ਗੰਨਮੈਨ ਵਲੋਂ ਦਫਤਰ ਵਿਚ ਜਾ ਕੇ ਗੱਡੀ ਪਾਸੇ ਕਰਨ ਲਈ ਕਿਹਾ ਗਿਆ, ਪਰ ਦਫ਼ਤਰ ਵਲੋਂ ਤੁਰੰਤ ਕੋਈ ਕਾਰਵਾਈ ਨਾ ਹੋਣ ਕਾਰਨ ਗੱਲ ਵਧ ਗਈ ਅਤੇ ਠੇਕੇਦਾਰ ਦੀ ਬਲਾਕ ਸਿੱਖਿਆ ਅਫਸਰ ਨਾਲ ਤਕਰਾਰ ਹੋ ਗਈ | ਉਸ ਸਮੇਂ ਦਫਤਰ ਵਿਚ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੀ ਮੀਟਿੰਗ ਚੱਲ ਰਹੀ ਸੀ, ਜਿਸ ਕਰਕੇ ਕਈ ਗੱਡੀਆਂ ਦਫਤਰ ਅੰਦਰ ਖੜ੍ਹੀਆਂ ਸਨ | ਠੇਕੇਦਾਰ ਨੇ ਕਿਹਾ ਕਿ ਉਸ ਨੂੰ ਫਿਰੌਤੀ ਦੀ ਕਾਲਾਂ ਆਈਆਂ ਹੋਈ ਹਨ, ਜਿਸ ਲਈ ਉਸ ਨੂੰ ਪੁਲਿਸ ਵਲੋਂ ਗੰਨਮੈਨ ਮਿਲੇ ਹਨ ਅਤੇ ਉਹ ਗੱਡੀ ਦੇ ਨੁਕਸਾਨ ਦੇ ਡਰ ਤੋਂ ਬਲਾਕ ਵਿਚ ਆਪਣੀ ਕਾਰ ਪਾਰਕ ਕਰ ਲੈਂਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਇੱਥੇ ਗੱਡੀ ਲਗਾਉਂਦੇ ਹਨ ਜੇ ਅਧਿਆਪਕਾਂ ਨੂੰ ਗੱਡੀਆਂ ਖੜ੍ਹਾਉਣ ਦੀ ਆਗਿਆ ਹੈ ਤਾਂ ਫਿਰ ਹੋਰ ਲੋਕਾਂ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ | ਇਸ ਮੌਕੇ ਸ਼ਹਿਰ ਦੇ ਹੋਰ ਮੋਹਤਬਰ ਅਸ਼ੋਕ ਬਜਾਜ ਚੇਅਰਮੈਨ, ਪਵਨ ਧਵਨ, ਦੀਪਕ ਕੁਮਾਰ ਅਤੇ ਹੋਰ ਮੁਹਤਬਰ ਵੀ ਹਾਜ਼ਰ ਸਨ | ਦੂਜੇ ਪਾਸੇ ਨਵ-ਨਿਯੁਕਤ ਬਲਾਕ ਸਿੱਖਿਆ ਅਫਸਰ ਪੱਟੀ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿਚ ਚਾਰਜ ਸੰਭਾਲਿਆ ਹੈ ਅਤੇ ਅੱਜ ਵੱਖ-ਵੱਖ ਸਕੂਲਾਂ ਦੇ ਮੁਖੀਆਂ ਨਾਲ ਪਹਿਲੀ ਮੀਟਿੰਗ ਸੀ | ਇਸ ਕਾਰਨ ਅਧਿਆਪਕਾਂ ਦੀਆਂ ਗੱਡੀਆਂ ਦਫਤਰ ਵਿਚ ਖੜ੍ਹੀਆਂ ਹੋਈਆਂ ਸਨ | ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਸਿਰਫ਼ 10 ਮਿੰਟ ਉਡੀਕ ਕਰਨ ਲਈ ਕਿਹਾ ਗਿਆ ਸੀ, ਪਰ ਉਹ ਤੁਰੰਤ ਗੱਡੀ ਕੱਢਣ 'ਤੇ ਅੜ ਗਿਆ, ਜਿਸ ਕਾਰਨ ਗੱਲ ਤਕਰਾਰ ਵਿਚ ਬਦਲ ਗਈ | ਬਲਾਕ ਅਫਸਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਦਫਤਰ ਦੇ ਨਿਯਮਾਂ ਅਨੁਸਾਰ ਪ੍ਰਾਈਵੇਟ ਗੱਡੀਆਂ ਨੂੰ ਅੰਦਰ ਖੜ੍ਹਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਇਸ ਸੰਬੰਧੀ ਜਲਦ ਹੀ ਕਰੜੇ ਨਿਯਮ ਲਾਗੂ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਵੱਖ-ਵੱਖ ਸਕੂਲਾਂ ਦੀਆਂ ਕਿਤਾਬਾਂ ਇੱਥੋਂ ਮੁਹੱਈਆ ਹੁੰਦੀਆਂ ਹਨ, ਜਿਸ ਲਈ ਅਧਿਆਪਕ ਆਪਣੇ ਗੱਡੀਆਂ ਲੈ ਕੇ ਇੱਥੇ ਆਉਂਦੇ ਹਨ | ਇਹ ਇਕ ਸਰਕਾਰੀ ਇਮਾਰਤ ਹੈ ਜਿਸ ਵਿਚ ਛੋਟੇ ਬੱਚੇ ਪੜ੍ਹਨ ਲਈ ਆਉਂਦੇ ਹਨ | ਇਸ ਲਈ ਪ੍ਰਾਈਵੇਟ ਗੱਡੀਆਂ ਇਥੇ ਲਾਉਣ ਦੀ ਮਨਾਹੀ ਕੀਤੀ ਜਾਵੇਗੀ |