ਤਰਨ ਤਾਰਨ, 9 ਅਪ੍ਰੈਲ (ਇਕਬਾਲ ਸਿੰਘ ਸੋਢੀ)- ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੀ ਪਿੰਡ ਰਟੌਲ ਮਨਰੇਗਾ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕਾਮਰੇਡ ਗੁਰਮੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਨੂੰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਜ਼ਿਲ੍ਹਾ ਪ੍ਰਧਾਨ ਕਾਮਰੇਡ ਪ੍ਰੀਤਮ ਸਿੰਘ ਪੱਟੀ, ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਬਲਦੇਵ ਸਿੰਘ ਗੋਹਲਵੜ, ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਅੰਗਰੇਜ਼ ਸਿੰਘ ਰਟੌਲ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਕੋਟਲੀ, ਕਾਮਰੇਡ ਪਰਮਜੀਤ ਸਿੰਘ ਕੋਟਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ | ਗੋਹਲਵੜ ਨੇ ਕਿਹਾ ਕਿ ਵੋਟਾ ਵੇਲੇ ਸਿਆਸੀ ਪਾਰਟੀਆਂ ਵਲੋਂ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਵਿਖਾ ਕੇ ਵੋਟਾਂ ਬਟੋਰ ਕੇ ਸਤਾ ਹਾਸਲ ਕਰਕੇ ਫਿਰ 5 ਸਾਲ ਮਜ਼ਦੂਰਾਂ ਨੂੰ ਕੁੱਟਿਆ ਤੇ ਲੁੱਟਿਆ ਵੀ | ਇਹ ਸਰਕਾਰਾਂ ਪੂੰਜੀਪਤੀਆਂ, ਕਾਰਪੋਰੇਟ ਘਰਾਣਿਆਂ, ਸ਼ਰਮਾਏਦਾਰਾਂ, ਜਗੀਰਦਾਰਾਂ ਦੇ ਹੱਥੋਂ ਮਜ਼ਦੂਰਾਂ ਦੀ ਲੁੱਟ ਕਰਾਉਣ ਵਾਸਤੇ ਉਨ੍ਹਾਂ ਦੇ ਹੱਕ ਵਿਚ ਡੱਟ ਕੇ ਉਨ੍ਹਾਂ ਨੂੰ ਫਾਇਦੇ ਦੇਣ ਵਾਸਤੇ ਮਜ਼ਦੂਰਾਂ ਦੇ ਹੱਕ ਵਿਚ ਬਣੇ ਕਾਨੂੰਨਾਂ ਨੂੰ ਤੋੜਨਾ ਜਿਵੇੇਂ 29 ਕਾਨੂੰਨ ਤੋੜ ਕੇ ਚਾਰ ਲੇਬਰ ਕੋਡਾ ਵਿਚ ਵੰਡਣਾ, ਮਨਰੇਗਾ ਕਾਨੂੰਨ ਨੂੰ ਤੋੜ ਕੇ ਜੀ ਰਾਮ ਜੀ ਕਾਨੂੰਨ ਬਣਾਉਣਾ ਤੇ 5 ਸਾਲ ਦੋਹੀ ਹੱਥੀ ਲੁੱਟਦੇ ਹਨ, ਜਿਸ ਕਰਕੇ 78 ਸਾਲ ਦੀ ਅਜ਼ਾਦੀ ਬੀਤ ਜਾਣ 'ਤੇ ਅੱਜ ਵੀ ਮਜ਼ਦੂਰ ਦੋ ਵਕਤ ਦੀ ਰੋਟੀ ਵਾਸਤੇ ਤਰਲੋ ਮੱਛੀ ਹੋ ਰਿਹਾ ਹੈ | ਗੋਹਲਵੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਬੁਢਾਪਾ, ਵਿਧਵਾ, ਅੰਗਹੀਣ ਵਿਅਕਤੀਆਂ ਦੀ ਪੈਨਸ਼ਨ 1500 ਰੁਪਏ ਤੋਂ 2500 ਰੁਪਏ ਕਰਨ ਦਾ ਵਾਅਦਾ ਕੀਤਾ ਸੀ, ਚਾਰ ਸਾਲ ਤੋੋਂ ਵੱਧ ਸਮਾਂ ਬੀਤ ਜਾਣ ਤੇ ਪੈਨਸ਼ਨ ਵਿਚ ਅਜੇ ਤੱਕ ਵਾਧਾ ਨਹੀਂ ਕੀਤਾ, ਸਰਵੇ ਦੇ ਨਾਂਅ ਪੰਜਾਬ ਅੰਦਰ ਹਜ਼ਾਰਾਂ ਗ਼ਰੀਬ ਪਰਿਵਾਰਾਂ ਦੇ ਕਣਕ ਦੇ ਨਾਮ ਕੱਟ ਦਿੱਤੇ ਗਏ | ਇਸ ਮੌਕੇ ਕੁਲਦੀਪ ਕੌਰ, ਗੁਰਜੀਤ ਕੌਰ, ਮਨਜੀਤ ਕੌਰ, ਸੰਦੀਪ ਕੌਰ, ਜਸਵੰਤ ਕੌਰ, ਲਖਬੀਰ ਕੌਰ, ਕੁਲਵਿੰਦਰ ਕੌਰ, ਸੁਰਜੀਤ ਸਿੰਘ, ਜੁਗਰਾਜ ਸਿੰਘ, ਬਲਦੇਵ ਸਿੰਘ ਆਦਿ ਆਗੂ ਹਾਜ਼ਰ ਸਨ |