ਖੇਮਕਰਨ, 16 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਨਜ਼ਦੀਕ ਪੈਂਦੇ ਸਰਹੱਦੀ ਪਿੰਡ ਰੱਤੋਕੇ ਹਵੇਲੀਆਂ 'ਚ ਅੱਜ ਦੁਪਹਿਰ ਨੂੰ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦੀ ਐਨ ਕਟਾਈ ਕਰਨ ਦੇ ਸਮੇਂ 'ਤੇ ਕਰੀਬ 22 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ, ਜਿਸ ਨਾਲ ਕਾਫ਼ੀ ਕਿਸਾਨਾਂ ਦਾ ਬਹੁਤ ਆਰਥਿਕ ਨੁਕਸਾਨ ਹੋ ਗਿਆ ਹੈ | ਕਣਕ ਨੂੰ ਅਚਾਨਕ ਅੱਗ ਲੱਗਣ ਉਪਰੰਤ ਨਜ਼ਦੀਕੀ ਪਿੰਡਾਂ ਵਿਚਲੇ ਕਿਸਾਨਾਂ ਵਲੋਂ ਬੜੀ ਜੱਦੋ-ਜਹਿਦ ਕਰਕੇ ਟਰੈਕਟਰਾਂ ਨਾਲ ਜ਼ਮੀਨਾਂ ਨੂੰ ਵਾਹ ਕੇ ਤੇ ਹੋਰ ਤਰੀਕਿਆਂ ਨਾਲ ਕਾਫੀ ਸਮੇ ਦੌਰਾਨ ਅੱਗ 'ਤੇ ਕਾਬੂ ਪਾਉਣ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਹੋਰ ਜਿਆਦਾ ਨੁਕਸਾਨ ਹੋਣ ਤੋਂ ਬਚ ਗਿਆ ਹੈ | ਇਸ ਦੇ ਬਾਵਜੂਦ ਇਸ ਭਿਆਨਕ ਅੱਗ ਦੀ ਮਾਰ ਹੇਠ ਆ ਕੇ ਪਿੰਡ ਰਤੋਕੇ ਹਵੇਲੀਆਂ ਵਾਸੀ ਕਿਸਾਨ ਬਲਵੀਰ ਸਿੰਘ ਭਲਵਾਨ ਦੀ ਕਰੀਬ 5 ਏਕੜ ਕਣਕ ਤੇ ਉਸ ਦੇ ਭਰਾ ਰਸਾਲ ਸਿੰਘ ਵਲੋਂ ਕਿਸਾਨ ਰਣਜੀਤ ਸਿੰਘ ਪੁੱਤਰ ਕਾਬਲ ਸਿੰਘ ਪਿੰਡ ਚੱਕਵਾਲੀਆ ਨੂੰ ਠੇਕੇ 'ਤੇ ਦਿੱਤੀ ਜ਼ਮੀਨ 'ਚੋੋਂ ਕਰੀਬ 8 ਏਕੜ ਕਣਕ ਤੇ ਦੋ ਤਿੰਨ ਹੋਰ ਕਿਸਾਨਾਂ ਦੀ 9 ਏਕੜ ਸਮੇਤ ਕੁੱਲ 22 ਏਕੜ ਕਣਕ ਸੜ ਗਈ ਹੈ | ਜਿਸ ਕਰਕੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋਣਾ ਲਾਜ਼ਮੀ ਹੈ | ਇਲਾਕਾ ਵਾਸੀਆਂ ਵਲੋ ਸ਼ੋਸ਼ਲ ਮੀਡੀਆ ਤੇ ਨਿੱਜੀ ਤੋਰ 'ਤੇ ਵਾਰ ਵਾਰ ਪ੍ਰਸ਼ਾਸ਼ਨ ਨੂੰ ਸੂਚਨਾ ਦੇਣ ਦੇ ਬਾਵਜੂਦ ਕੋਈ ਸਰਕਾਰੀ ਅਧਿਕਾਰੀ ਮੌਕੇ 'ਤੇ ਨਹੀਂ ਆਇਆ, ਜਿਸ ਨੂੰ ਲੈ ਕੇ ਕਿਸਾਨਾਂ 'ਚ ਭਾਰੀ ਰੋਸ ਪਾਇਆ ਗਿਆ ਹੈ | ਇਸੇ ਦੌਰਾਨ ਘਟਨਾ ਸਥਾਨ ਤੇ ਤੁਰੰਤ ਸਾਥੀਆਂ ਸਮੇਤ ਪੁੱਜੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਨੇ ਪੀੜਤ ਕਿਸਾਨਾਂ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਅੱਜ ਅੱਗ ਨਾਲ ਹੋਏ ਕਣਕ ਦੀ ਫਸਲ ਦੇ ਨੁਕਸਾਨ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ |