ਸ਼ਾਹਬਾਜ਼ਪੁਰ, 16 ਅਪ੍ਰੈਲ (ਪਰਦੀਪ ਬੇਗੇਪੁਰ)-ਪੁਲਿਸ ਥਾਣਾ ਸਦਰ ਤਰਨ ਤਾਰਨ ਅਤੇ ਚੌਕੀ ਮਾਣੋਚਾਲ੍ਹ ਅਧੀਨ ਪੈਂਦੇ ਅੱਡਾ ਸ਼ਾਹਬਾਜ਼ਪੁਰ ਵਿਖੇ ਚੋਰਾਂ ਦਾ ਕਹਿਰ ਜਾਰੀ ਹੈ | ਬੀਤੀ ਰਾਤ 12 ਤੋਂ 1 ਵਜੇ ਦੇ ਵਿਚਕਾਰ ਚੋਰਾਂ ਵਲੋਂ ਦੋ ਦੁਕਾਨਾਂ ਬਲਦੇਵ ਸਿੰਘ ਕਰਿਆਨਾ ਸਟੋਰ ਤੇ ਕੇਅਰ ਐਂਡ ਕਿਓਰ ਹੋਮੀਓਪੈਥੀ ਦੇ ਸ਼ਟਰ ਭੰਨ ਕੇ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਹੋਏ ਕਰਿਆਨਾ ਸਟੋਰ ਦੇ ਮਾਲਕ ਸਰਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਦੁਕਾਨ ਖੋਲ੍ਹਣ ਸਮੇਂ ਵੇਖਿਆ ਕਿ ਦੁਕਾਨ ਦਾ ਸ਼ਟਰ ਚੁੱਕਿਆ ਹੋਇਆ ਹੈ ਤੇ ਅੰਦਰੋਂ ਕਰੀਬ ਸਵਾ ਲੱਖ ਰੁਪਏ ਦਾ ਸਮਾਨ ਦੇਸੀ ਘਿਓ, ਲਾਚੀਆਂ ਨਿੱਕੀਆਂ, ਬਦਾਮ, ਕਾਜੂ, ਐਲ.ਸੀ.ਡੀ. 55 ਇੰਚ ਆਦਿ ਚੋਰੀ ਹੋ ਚੁੱਕਾ ਹੈ | ਇਸੇ ਤਰ੍ਹਾਂ ਹੋਮੀਓਪੈਥੀ ਦੇ ਮਾਲਕ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਸੱਤ ਹਜ਼ਾਰ ਰੁਪਏ ਨਕਦ, ਇੰਨਵਰਟਰ ਤੇ ਬੈਟਰਾ ਚੋਰ ਲੈ ਗਏ | ਉਨ੍ਹਾਂ ਕਿਹਾ ਕਿ ਚੋਰਾਂ ਵਲੋਂ ਡਾਕਖਾਨੇ ਦਾ ਸ਼ਟਰ ਭੰਨ ਕੇ ਅੰਦਰ ਪਏ ਪਾਰਸਲ ਵੀ ਫੋਲੇ ਗਏ ਤੇ ਅੰਦਰ ਬੈਠ ਕੇ ਸ਼ਰਾਬ ਵੀ ਪੀਤੀ ਗਈ ਹੈ | ਉਕਤ ਦੁਕਾਨਦਾਰਾਂ ਵਲੋਂ ਘਟਨਾਂ ਦੀ ਸੂਚਨਾ ਪੁਲਿਸ ਥਾਣਾ ਸਦਰ ਤਰਨ ਤਾਰਨ ਵਿਖੇ ਦਰਜ ਕਰਵਾਈ ਦਿੱਤੀ ਹੈ | ਇੱਥੇ ਦੱਸਣਯੋਗ ਹੈ ਕਿ ਅੱਡੇ ਵਿਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਤੇ ਹਾਲੇ ਤੱਕ ਕੋਈ ਵੀ ਚੋਰ ਕਾਬੂ ਨਹੀਂ ਆਇਆ ਹੈ | ਅੱਡੇ ਦੇ ਸਾਰੇ ਦੁਕਾਨਦਾਰਾਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਹੈ ਕਿ ਇੱਥੇ ਪੁਲਿਸ ਨਾਕੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਰੁਕ ਸਕਣ |