ਤਰਨ ਤਾਰਨ, 16 ਅਪ੍ਰੈਲ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੇਂਦਰ ਸਰਕਾਰ ਵਲੋਂ ਸੰਸਦੀ ਹਲਕਿਆਂ ਦੀ ਆਬਾਦੀ-ਅਧਾਰਿਤ ਹੱਦਬੰਦੀ ਕਰਵਾਉਣ ਦੇ ਪ੍ਰਸਤਾਵਿਤ ਕਦਮ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ | ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਵਰਗੇ ਸਰਹੱਦੀ ਅਤੇ ਘੱਟ ਗਿਣਤੀ ਪ੍ਰਧਾਨ ਸੂਬੇ ਲਈ ਇਕ ਵੱਡਾ ਸਿਆਸੀ ਖ਼ਤਰਾ ਸਾਬਤ ਹੋਵੇਗਾ ਅਤੇ ਦੇਸ਼ ਦੇ ਸੰਘੀ ਢਾਂਚੇ ਦੀਆਂ ਨੀਂਹਾਂ ਹਿਲਾ ਕੇ ਰੱਖ ਦੇਵੇਗਾ | ਪੀਰ ਮੁਹੰਮਦ ਨੇ ਕਿਹਾ ਕਿ ਜੇਕਰ ਹੱਦਬੰਦੀ ਦਾ ਅਧਾਰ ਸਿਰਫ਼ ਆਬਾਦੀ ਨੂੰ ਬਣਾਇਆ ਗਿਆ ਤਾਂ ਭਾਰਤ ਦਾ ਸਾਰਾ ਸਿਆਸੀ ਕੰਟਰੋਲ ਉੱਤਰ ਭਾਰਤ ਦੇ ਹਿੰਦੀ ਬੋਲਣ ਵਾਲੇ ਰਾਜਾਂ ਜਿਵੇਂ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਦੇ ਹੱਥਾਂ ਵਿਚ ਚਲਾ ਜਾਵੇਗਾ | ਉਨ੍ਹਾਂ ਕਿਹਾ ਇਹ ਪ੍ਰਕਿਰਿਆ ਲੋਕਤੰਤਰ ਦੇ ਨਾਂਅ 'ਤੇ ਖੇਤਰੀ ਸੰਤੁਲਨ ਨੂੰ ਵਿਗਾੜਨ ਵਾਲੀ ਹੈ | ਵੱਧ ਆਬਾਦੀ ਵਾਲੇ ਰਾਜਾਂ ਦੀਆਂ ਸੀਟਾਂ ਵਧਣ ਨਾਲ ਪੰਜਾਬ ਵਰਗੇ ਛੋਟੇ ਸੂਬਿਆਂ ਦੀ ਸੰਸਦ ਵਿਚ ਆਵਾਜ਼ ਨਿਗੁਣੀ ਹੋ ਕੇ ਰਹਿ ਜਾਵੇਗੀ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਇੱਕ ਅਜਿਹਾ ਰਾਜ ਹੈ, ਜਿੱਥੇ ਸਿੱਖ ਕੌਮ ਅਤੇ ਹੋਰ ਘੱਟ ਗਿਣਤੀਆਂ ਦੀ ਵੱਡੀ ਵਸੋਂ ਹੈ | ਸੰਸਦ ਵਿਚ ਪੰਜਾਬ ਦੀਆਂ ਸੀਟਾਂ ਦਾ ਅਨੁਪਾਤ ਘਟਣ ਨਾਲ ਕੌਮੀ ਪੱਧਰ 'ਤੇ ਪੰਜਾਬ ਦੇ ਮਸਲਿਆਂ ਅਤੇ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ, ਜੋ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਠੀਕ ਨਹੀਂ ਹੈ |