ਤਰਨ ਤਾਰਨ, 16 ਅਪ੍ਰੈਲ (ਇਕਬਾਲ ਸਿੰਘ ਸੋਢੀ)- ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਢੋਟੀਆਂ ਵਿਚ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਅਤੇ ਅਧਿਆਪਕਾਂ ਦੀ ਪੇਸ਼ਾਵਰ ਯੋਗਤਾ ਨੂੰ ਨਿਖਾਰਨ ਦੇ ਉਦੇਸ਼ ਨਾਲ ਦੋ ਦਿਨਾਂ ਦਾ ਜਨਰਲ ਵਿਸ਼ਿਆਂ ਸੰਬੰਧੀ ਵਰਕਸ਼ਾਪ ਆਯੋਜਿਤ ਕੀਤਾ ਗਿਆ | ਇਹ ਵਰਕਸ਼ਾਪ ਸੀ.ਬੀ.ਐੱਸ.ਈ. ਦੇ ਰਿਸੋਰਸ ਪਰਸਨ ਕਮਲਜੀਤ ਸਿੰਘ ਅਤੇ ਵਿੰਮੀ ਸੇਠੀ ਦੀ ਰਹਿਨੁਮਾਈ ਹੇਠ ਸੰਪੰਨ ਹੋਇਆ | ਜਿਸ ਵਿਚ ਸੀ.ਬੀ.ਐੱਸ.ਈ. ਵਲੋਂ ਚਲਾਏ ਜਾ ਰਹੇ ਵੱਖ ਵੱਖ ਸਕੂਲਾਂ ਦੇ 42 ਆਧਿਆਪਕਾਂ ਨੇ ਭਾਗ ਲਿਆ | ਵਰਕਸ਼ਾਪ ਦੇ ਪਹਿਲੇ ਦਿਨ ਕਮਲਜੀਤ ਸਿੰਘ ਅਤੇ ਵਿੰਮੀ ਸੇਠੀ ਨੇ ਆਧੁਨਿਕ ਅਧਿਆਪਨ ਤਰੀਕਿਆਂ, ਵਿਦਿਆਰਥੀ ਕੇਂਦਰਿਤ ਸਿੱਖਿਆ ਅਤੇ ਕਲਾਸਰੂਮ ਮੈਨੇਜਮੈਂਟ ਦੇ ਨਵੇਂ ਪੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਪਾਠ ਨੂੰ ਰੁਚੀ ਵਾਲਾ ਅਤੇ ਜੀਵੰਤ ਬਣਾਉਣ ਲਈ ਨਵੀਂ ਤਕਨੀਕਾਂ ਅਤੇ ਗਤੀਵਿਧੀਆਂ ਦੀ ਵਰਤੋਂ ਕਰਨ | ਉਨ੍ਹਾਂ ਵਲੋਂ ਬਲੂਮਜ਼ ਟੈਕਸੋਨੋਮੀ, ਕਿ੍ਟੀਕਲ ਥਿੰਕਿੰਗ ਅਤੇ ਪ੍ਰਾਬਲਮ ਸਾਲਵਿੰਗ ਸਕਿਲਜ਼ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਗਿਆ | ਦੂਜੇ ਦਿਨ ਉਨ੍ਹਾਂ ਨੇ ਵਿਦਿਆਰਥੀਆਂ ਵਿਚ ਜੀਵਨ ਕੌਸ਼ਲਾਂ ਦੇ ਵਿਕਾਸ, ਸੰਚਾਰ ਕਲਾ ਅਤੇ ਮਲਟੀਪਲ ਇੰਟੈਲੀਜੈਂਸ ਦੇ ਪ੍ਰਯੋਗ ਉੱਤੇ ਧਿਆਨ ਕੇਂਦਰਿਤ ਕੀਤਾ | ਉਨ੍ਹਾਂ ਨੇ ਦੱਸਿਆ ਕਿ ਹਰ ਬੱਚਾ ਵਿਲੱਖਣ ਹੁੰਦਾ ਹੈ ਅਤੇ ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਹਰ ਵਿਦਿਆਰਥੀ ਦੀ ਯੋਗਤਾ ਨੂੰ ਸਮਝ ਕੇ ਉਸਨੂੰ ਉਤਸ਼ਾਹਿਤ ਕਰਨ | ਵਰਕਸ਼ਾਪ ਦੌਰਾਨ ਗਰੁੱਪ ਗਤੀਵਿਧੀਆਂ, ਡਿਸਕਸ਼ਨ ਅਤੇ ਪ੍ਰੈਕਟੀਕਲ ਐਕਟੀਵਿਟੀਆਂ ਰਾਹੀਂ ਅਧਿਆਪਕਾਂ ਨੂੰ ਸਿੱਖਣ ਦਾ ਵਧੀਆ ਮੌਕਾ ਮਿਲਿਆ | ਇਸ ਮੌਕੇ ਅਕੈਡਮੀ ਦੇ ਪਿ੍ੰਸੀਪਲ ਰਮਨਦੀਪ ਕੌਰ ਅਤੇ ਸਮੂਹ ਸਟਾਫ ਨੇ ਰਿਸੋਰਸ ਪਰਸਨਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੇ ਗਿਆਨ ਵਧਾਉਣ ਵਾਲੇ ਪ੍ਰੋਗਰਾਮਾਂ ਦੀ ਲੋੜ ਉੱਤੇ ਜ਼ੋਰ ਦਿੱਤਾ | ਵਰਕਸ਼ਾਪ ਦੇ ਅੰਤ ਵਿਚ ਅਧਿਆਪਕਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਇਸਨੂੰ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਦੱਸਿਆ | ਇਹ ਦੋ ਦਿਨਾਂ ਦਾ ਵਰਕਸ਼ਾਪ ਨਾ ਸਿਰਫ਼ ਅਧਿਆਪਕਾਂ ਦੀ ਪੇਸ਼ਾਵਰ ਕਾਬਲੀਅਤ ਵਿਚ ਵਾਧਾ ਕਰਨ ਵਿੱਚ ਸਹਾਇਕ ਸਾਬਤ ਹੋਇਆ, ਸਗੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਵੀ ਰੌਸ਼ਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ |