ਫਤਿਆਬਾਦ, 16 ਅਪ੍ਰੈਲ (ਹਰਵਿੰਦਰ ਸਿੰਘ ਧੂੰਦਾ)-ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਅਤੇ ਖਾਲਸਾ ਪੰਥ ਦਾ ਸਥਾਪਨਾ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਈ | ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ | ਇਸ 'ਚ ਜੋਸ਼ੀਲੀ ਕਵੀਸ਼ਰੀ ਅਤੇ ਕਵਿਤਾਵਾਂ ਰਾਹੀਂ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੇ ਇਤਿਹਾਸ ਨੂੰ ਬਿਆਨ ਕੀਤਾ | ਵਿਦਿਆਰਥੀਆਂ ਨੇ ਭੰਗੜੇ ਦੀ ਪੇਸ਼ਕਾਰੀ ਨਾਲ ਪੰਡਾਲ 'ਚ ਜੋਸ਼ ਭਰ ਦਿੱਤਾ, ਜਦਕਿ ਵਿਦਿਆਰਥਣਾਂ ਨੇ ਗਿੱਧੇ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੁੰਦਰ ਤਸਵੀਰ ਪੇਸ਼ ਕੀਤੀ | ਛੋਟੇ ਬੱਚੇ ਪੰਜਾਬੀ ਪਹਿਰਾਵੇ (ਕੁੜਤੇ-ਚਾਦਰੇ ਅਤੇ ਫੁਲਕਾਰੀਆਂ) ਵਿਚ ਸਜੇ ਹੋਏ ਬਹੁਤ ਹੀ ਮਨਮੋਹਕ ਲੱਗ ਰਹੇ ਸਨ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਨਵਜੋਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਸਾਖੀ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ 'ਤੇ ਰੌਸ਼ਨੀ ਪਾਈ | ਉਨ੍ਹਾਂ ਦੱਸਿਆ ਕਿ 1699 ਦੀ ਵਿਸਾਖੀ ਵਾਲੇ ਦਿਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਜ਼ੁਲਮ ਵਿਰੁੱਧ ਲੜਨ ਦਾ ਜਜ਼ਬਾ ਪੈਦਾ ਕੀਤਾ ਸੀ | ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਖ਼ੁਸ਼ੀ ਦੇ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਵਿਚ ਚੇਅਰਪਰਸਨ ਸੁਖਵਿੰਦਰ ਕੌਰ, ਡਾਇਰੈਕਟਰ ਤਜਿੰਦਰ ਸਿੰਘ, ਸੈਕਟਰੀ ਬਨਵੀਰ ਸਿੰਘ, ਕਮੇਟੀ ਮੈਂਬਰ ਸੰਗੀਤ ਕੌਰ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਵੱਖ-ਵੱਖ ਮੁਕਾਬਲਿਆਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ |