ਖਾਲੜਾ, 26 ਅਪ੍ਰੈਲ (ਜੱਜਪਾਲ ਸਿੰਘ ਜੱਜ)-ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਦੀ ਪੈਦਾਵਾਰ ਵਧਾਉਣ ਲਈ ਵਰਤੀਆਂ ਜਾਣ ਵਾਲੀਆਂ ਖਾਦਾਂ ਜਿੰਨਾਂ ਵਿਚ ਖਾਸ ਕਰਕੇ ਯੂਰੀਆ ਅਤੇ ਡਾਇਆ ਨਾਲ ਹੋਲਸੇਲਰ ਡੀਲਰਾਂ ਵਲੋਂ ਕੀਤੀ ਜਾ ਰਹੀ ਬੇਲੋੜੀ ਟੈਗਿੰਗ ਨਾਲ ਜਿੱਥੇ ਛੋਟੇ ਦਵਾਈ ਅਤੇ ਖਾਦ ਵਿਕਰੇਤਾ ਦੁਕਾਨਦਾਰ ਖਤਮ ਹੋਣ ਕਿਨਾਰੇ ਪਹੁੰਚ ਗਏ ਹਨ, ਉਥੇ ਕਿਸਾਨ 'ਤੇ ਵੀ ਲੋੜ ਤੋਂ ਵੱਧ ਬੋਝ ਪੈ ਰਿਹਾ ਹੈ ਅਤੇ ਉਸਨੂੰ ਮਜ਼ਬੂਰੀ ਵੱਸ ਯੂਰੀਆ ਲੈਣ ਲਈ ਨਾਲ ਬੇਲੋੜੀਆਂ ਚੀਜ਼ਾਂ ਲੈਣੀਆਂ ਪੈ ਰਹੀਆਂ ਹਨ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ, ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਖਾਲੜਾ ਇਕਾਈ ਦੇ ਪ੍ਰਧਾਨ ਬਘੇਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੱਲ ਦਾ ਤਾਂ ਸਪੱਸ਼ਟ ਪਤਾ ਨਹੀਂ ਹੈ ਕਿ ਜਿਹੜੇ ਹੋਲ ਸੇਲ ਵਿਚ ਖਾਦਾਂ ਵੇਚਦੇ ਹਨ, ਉਨ੍ਹਾਂ ਨੂੰ ਕੋਈ ਖਾਦਾਂ ਬਣਾਉਣ ਵਾਲੀਆਂ ਕੰਪਨੀਆਂ ਨਾਲ ਸਾਮਾਨ ਭੇਜਦੀਆਂ ਹਨ ਕਿ ਨਹੀਂ ਭੇਜਦੀਆਂ, ਪ੍ਰੰਤੂ ਛੋਟੇ ਦੁਕਾਨਦਾਰ ਜੋ ਕਸਬਿਆਂ ਵਿਚ ਖਾਦ ਅਤੇ ਦਵਾਈ ਵੇਚਣ ਦੀਆਂ ਦੁਕਾਨਾਂ ਚਲਾਉਂਦੇ ਹਨ, ਉਨ੍ਹਾਂ ਵਲੋਂ ਇਹ ਦੱਸਿਆ ਜਾਂਦਾ ਹੈ ਕਿ ਯੂਰੀਆ ਤੇ ਡਾਈਆ ਖਾਦ ਲੈਣ ਵੇਲੇ ਹੋਲ ਸੇਲ ਵਿਕਰੇਤਾ ਵਲੋਂ ਉਨ੍ਹਾਂ ਨੂੰ ਬੇਲੋੜੀਆਂ ਚੀਜ਼ਾਂ, ਜੋ ਕਿਸੇ ਵੀ ਫ਼ਸਲ ਲਈ ਲਏ ਲਾਹੇਵੰਦ ਨਹੀਂ ਹਨ, ਲੈਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਫਿਰ ਉਹ ਦੁਕਾਨਦਾਰ ਉਹੀ ਬੇਲੋੜੀਆਂ ਚੀਜ਼ਾਂ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ, ਪ੍ਰੰਤੂ ਛੋਟੇ ਦੁਕਾਨਦਾਰ ਜੋ ਕਸਬਿਆਂ ਵਿਚ ਬੈਠੇ ਹਨ | ਉਨ੍ਹਾਂ ਦੀ ਕਿਸਾਨਾਂ ਨਾਲ ਭਾਈਚਾਰਕ ਸਾਂਝ ਹੋਣ ਕਾਰਨ ਉਹ ਕਿਸੇ ਨੂੰ ਖਾਦ ਦੇ ਨਾਲ ਟੈਗਿੰਗ ਦਾ ਆਇਆ ਸਾਮਾਨ ਦੇਣ ਲਈ ਬੇਸ਼ੱਕ ਮਜ਼ਬੂਰ ਨਹੀਂ ਕਰਦੇ, ਪ੍ਰੰਤੂ ਇਸ ਦਾ ਖਮਿਆਜਾ ਉਨ੍ਹਾਂ ਨੂੰ ਆਪ ਭੁਗਤਣਾ ਪੈਂਦਾ ਹੈ ਅਤੇ ਖਾਦ ਦੇ ਨਾਲ ਆਈ ਬੇਲੋੜੀਆਂ ਚੀਜ਼ਾਂ ਜਿਨਾਂ ਵਿਚ ਮਾਈਕੋਰਾਜਾ, ਬਾਇਓ, ਦਾਣੇਦਾਰ ਪੋਟਾਸ਼, ਦਾਣੇਦਾਰ ਸਲਫਰ ਆਦਿ ਮਜ਼ਬੂਰੀ ਵੱਸ ਗੌਦਾਮਾਂ ਵਿਚ ਲਾਉਣੀਆਂ ਪੈਂਦੀਆਂ ਹਨ ਅਤੇ ਇਹ ਵਰਤਾਰਾ ਮਗਰਲੇ ਕਰੀਬ ਸੱਤ-ਅੱਠ ਸਾਲਾਂ ਤੋਂ ਚੱਲਣ ਕਾਰਨ ਛੋਟੇ ਦੁਕਾਨਦਾਰਾਂ ਦੇ ਗੌਦਾਮ ਇਨ੍ਹਾਂ ਬੇਲੋੜੀਆਂ ਚੀਜ਼ਾਂ ਨਾਲ ਭਰੇ ਪਏ ਹਨ ਅਤੇ ਉਨ੍ਹਾਂ ਦੇ ਖੀਸੇ ਖਾਲੀ ਹੋ ਚੁੱਕੇ ਹਨ ਅਤੇ ਉਹ ਹੁਣ ਜ਼ਰੂਰੀ ਦਵਾਈ ਲਿਆਉਣ ਤੋਂ ਵੀ ਅਸਮਰੱਥ ਬੈਠੇ ਹਨ | ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਕੁਝ ਹੋਲ ਸੇਲ ਖਾਦ ਵਿਕਰੇਤਾਵਾਂ ਨੇ ਤਾਂ ਮਗਰਲੇ ਸਾਲਾਂ ਵਿਚ ਆਪਣੀਆਂ ਫੈਕਟਰੀਆਂ ਲਗਾ ਲਈਆਂ ਹਨ, ਜਿੰਨਾ ਵਿਚ ਮਾਈਕੋਰਾਜਾ ਆਦਿ ਕਰੀਬ 20 ਤੋਂ 25 ਰੁਪਏ ਕਿੱਲੋ ਦੇ ਹਿਸਾਬ ਨਾਲ ਤਿਆਰ ਕਰਕੇ ਖਾਦ ਦੇ ਨਾਲ 100 ਤੋਂ 120 ਰੁਪਏ ਪ੍ਰਤੀ ਕਿੱਲੋ ਵੇਚਿਆ ਜਾ ਰਿਹਾ ਹੈ, ਜਿਸ ਨਾਲ ਇਸ ਵੇਲੇ ਹੋਲ ਸੇਲ ਖਾਦ ਵਿਕਰੇਤਾ ਦਿਨੋ ਦਿਨ ਅਮੀਰ ਹੋਣ ਲਈ ਛੋਟੇ ਦੁਕਾਨਦਾਰਾਂ ਅਤੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਹਨ | ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਯੂਰੀਆ ਖਾਦ ਜੋ ਕੇਂਦਰ ਸਰਕਾਰ ਵਲੋਂ ਕਿਸਾਨ ਨੂੰ ਸਬਸਿਡੀ 'ਤੇ ਦਿੱਤੀ ਜਾਂਦੀ ਹੈ, ਇਸ ਦੀ ਦੁਰਵਰਤੋਂ ਵੀ ਖੁੱਲ੍ਹ ਕੇ ਹੋ ਰਹੀ ਹੈ, ਜਿਸ ਵਿਚ ਫ਼ੀਡ ਬਣਾਉਣ ਵਾਲੀਆਂ ਫੈਕਟਰੀਆਂ, ਕੱਪੜਾ ਬਣਾਉਣ ਵਾਲੀਆਂ ਫੈਕਟਰੀਆਂ ਆਦਿ ਹਨ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਜੋ ਪਹਿਲੇ ਹੀ ਕਰਜ਼ੇ ਦੀ ਮਾਰ ਹੇਠ ਹੈ ਅਤੇ ਮਗਰਲੇ ਕਰੀਬ ਤਿੰਨ ਸੀਜ਼ਨਾਂ ਤੋਂ ਉਸ ਦੀ ਫ਼ਸਲ ਵੀ ਘੱਟ ਹੋ ਰਹੀ ਹੈ ਅਤੇ ਇਸ ਵਾਰ ਵੀ ਕਣਕ ਦੀ ਫਸਲ ਕਰੀਬ ਪ੍ਰਤੀ ਏਕੜ ਚਾਰ ਕੁਇੰਟਲ ਘੱਟ ਨਿਕਲੀ ਹੈ, ਜਿਸ ਨਾਲ ਕਿਸਾਨ ਮਾਯੂਸੀ ਦੀ ਆਲਮ ਵਿਚ ਹੈ ਅਤੇ ਉਪਰੋਂ ਜੇਕਰ ਉਸ ਨੂੰ ਮਿਲਣ ਵਾਲੀਆਂ ਖਾਦਾਂ ਲਈ ਵੀ ਤਰਲੇ ਕੱਢਣੇ ਪੈਣ ਜਾਂ ਖਾਦਾਂ ਦੇ ਨਾਲ ਬੇਲ ਲੋੜੀਆਂ ਚੀਜ਼ਾਂ ਲੈਣੀਆਂ ਪੈਣ ਤਾਂ ਕਿਸੇ ਵੀ ਸਰਕਾਰ ਨੂੰ ਕਿਸਾਨ ਹਿਤੈਸ਼ੀ ਸਰਕਾਰ ਕਹਾਉਣ ਦਾ ਹੱਕ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਮਸਲਾ ਹੱਲ ਕਰਨ ਲਈ ਕੋਈ ਠੋਸ ਕਦਮ ਨਾ ਚੁੱਕੇ ਤਾਂ ਕਿਸਾਨ ਜਥੇਬੰਦੀਆਂ ਨੂੰ ਮਜ਼ਬੂਰੀ ਵੱਸ ਸੰਘਰਸ਼ ਵਿੱਢਣਾ ਪਵੇਗਾ | ਇਸ ਸੰਬੰਧੀ ਏ.ਡੀ.ਓ. ਫਰਟੀਲਾਈਜ਼ਰ ਪ੍ਰਭਸਿਮਰਨ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਖਾਦਾਂ ਨਾਲ ਹੋ ਰਹੀ ਟੈਗਿੰਗ ਸੰਬੰਧੀ ਉਨ੍ਹਾਂ ਦੇ ਧਿਆਨ ਵਿਚ ਕੋਈ ਮਸਲਾ ਨਹੀਂ ਆਇਆ, ਪ੍ਰੰਤੂ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜਾਂ ਕੋਈ ਹੋਲ ਸੇਲ ਵਿਕਰੇਤਾ ਜਾਂ ਦੁਕਾਨਦਾਰ ਕਿਸਾਨਾਂ ਨੂੰ ਟੈਗਿੰਗ ਕਰਦਾ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ, ਜਿਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |