ਸਰਹਾਲੀ ਕਲਾਂ, 26 ਅਪ੍ਰੈਲ (ਅਜੇ ਸਿੰਘ ਹੁੰਦਲ)-ਭਾਰਤੀ ਕਮਿਊਨਿਸਟ ਪਾਰਟੀ ਦੇ ਇਲਾਕਾ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਦਿਨੋ ਦਿਨ ਗੰਭੀਰ ਹੁੰਦੀ ਬਿਜਲੀ ਸਪਲਾਈ ਬਾਰੇ ਬੋਲਦਿਆਂ ਕਿਹਾ ਕਿ ਅੱਤ ਦੀ ਗਰਮੀ ਵਿਚ ਲੱਗਦੇ ਬਿਜਲੀ ਕੱਟਾਂ ਕਾਰਨ ਲੋਕ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਹਨ | ਪਿਛਲੇ ਕਈ ਦਿਨਾਂ ਤੋਂ ਸਰਹਾਲੀ ਨੌਸ਼ਹਿਰਾ ਇਲਾਕੇ ਵਿਚ ਰਾਤ ਨੂੰ ਲੰਮੇ ਸਮੇਂ ਲਈ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ | ਗਰਮੀ ਅਤੇ ਮੱਛਰਾਂ ਦੀ ਵੀ ਭਰਮਾਰ ਨਾਲ ਰਾਤ ਸਮੇਂ ਬਿਜਲੀ ਬਿਨਾਂ ਸੌਣਾਂ ਅਸੰਭਵ ਹੈ | ਸਵੇਰ ਸਮੇਂ ਠੰਡਕ ਹੋਣ ਕਾਰਨ ਨੀਂਦ ਜ਼ੋਰ ਪਾਉਂਦੀ ਹੈ, ਪਰ ਕੰਮ ਧੰਦਿਆਂ 'ਤੇ ਜਾਣ ਲਈ ਉੱਠਣਾ ਇਨਸਾਨ ਦੀ ਮਜ਼ਬੂਰੀ ਹੁੰਦੀ ਹੈ | ਇਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ | ਸਕੂਲੀ ਬੱਚੇ ਪੂਰੀ ਰਾਤ ਵਿਲਕਦਿਆਂ ਗੁਜਾਰਦੇ ਹਨ ਅਤੇ ਸਵੇਰੇ ਸਮੇਂ ਸਿਰ ਸਕੂਲ ਪਹੁੰਚਣ ਲਈ ਜੂਝਦੇ ਹਨ | ਤਰਾਸਦੀ ਇਹ ਹੈ ਕਿ ਦਿਨ ਵੇਲੇ ਵੀ ਅਣਕਿਆਸੇ ਬਿਜਲੀ ਕੱਟਾਂ ਕਾਰਨ ਵਿਦਿਆਰਥੀਆਂ ਦਾ ਕਮਰਿਆਂ ਵਿਚ ਬੈਠਣਾ ਬੇਹੱਦ ਮੁਸ਼ਕਿਲ ਹੈ | ਪਿੰਡਾਂ ਦੇ ਨਿੱਕੇ ਕਾਰੋਬਾਰੀ, ਮਿਸਤਰੀ ਬਿਜਲੀ ਦੀ ਅਣਹੋਂਦ ਕਾਰਨ ਮੁਸ਼ਕਿਲ ਦੇ ਦੌਰ 'ਚੋਂ ਲੰਘ ਰਹੇ ਹਨ | ਕਾ. ਬਲਵਿੰਦਰ ਸਿੰਘ ਨੇ ਸਰਕਾਰ ਅਤੇ ਬਿਜਲੀ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ | ਉਨ੍ਹਾਂ ਕਿਹਾ ਕਿ ਇਹ ਨਾ ਹੋਵੇ ਅੱਕੇ ਲੋਕ ਅੰਦੋਲਨ ਦਾ ਰਾਹ ਫੜਨ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਹੋਵੇਗਾ |