ਤਰਨ ਤਾਰਨ, 28 ਅਪ੍ਰੈਲ (ਹਰਿੰਦਰ ਸਿੰਘ)ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਪੰਜਾਬ ਭਰ ਚੱਲ ਰਹੇ ਬਿਜਲੀ ਸੰਕਟ 'ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਸਮੇਂ ਸੂਬੇ ਦੇ ਹਰੇਕ ਜ਼ਿਲੇ ਵਿਚ ਬਿਜਲੀ ਦੇ ਲੰਬੇ ਅਤੇ ਅਣਐਲਾਨੇ ਕੱਟ ਲੱਗ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੀ ਰੋਜ਼ਮਰਾ ਜਿੰਦਗੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ | ਗਰਮੀ ਦੇ ਵਧਦੇ ਤਾਪਮਾਨ ਵਿਚ ਬਿਜਲੀ ਦੀ ਕਮੀ ਕਾਰਨ ਘਰਾਂ ਵਿਚ ਰਹਿਣਾ ਔਖਾ ਹੋਇਆ ਹੈ | ਪੱਖੇ, ਕੂਲਰ ਅਤੇ ਏ.ਸੀ. ਬੰਦ ਹੋਣ ਨਾਲ ਛੋਟੇ ਬੱਚੇ, ਬਜ਼ੁਰਗ ਅਤੇ ਮਰੀਜ਼ ਸਭ ਤੋਂ ਵੱਧ ਤਕਲੀਫ਼ ਸਹਿ ਰਹੇ ਹਨ | ਰਾਤ ਦੇ ਸਮੇਂ ਵੀ ਕਈ ਘੰਟਿਆਂ ਤੱਕ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀ ਅਤੇ ਉਹ ਗਰਮੀ ਵਿਚ ਰਹਿਣ ਲਈ ਮਜ਼ਬੂਰ ਹਨ | ਭਰੋਵਾਲ ਨੇ ਕਿਹਾ ਕਿ ਪਿੰਡਾਂ ਵਿਚ ਹਾਲਾਤ ਹੋਰ ਵੀ ਖਰਾਬ ਹਨ, ਜਿੱਥੇ ਬਿਜਲੀ ਦੀ ਸਪਲਾਈ ਪਹਿਲਾਂ ਹੀ ਘੱਟ ਹੁੰਦੀ ਹੈ | ਉਨਾਂ ਦੱਸਿਆ ਕਿ ਬਿਜਲੀ ਕੱਟਾਂ ਦਾ ਅਸਰ ਸਿਰਫ਼ ਘਰਾਂ ਤੱਕ ਹੀ ਸੀਮਿਤ ਨਹੀਂ, ਸਗੋਂ ਛੋਟੇ ਉਦਯੋਗ ਅਤੇ ਵਪਾਰ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ | ਫੈਕਟਰੀਆਂ ਅਤੇ ਵਰਕਸ਼ਾਪਾਂ ਵਿਚ ਕੰਮ ਰੁਕਣ ਨਾਲ ਉਤਪਾਦਨ ਘੱਟ ਰਿਹਾ ਹੈ ਅਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਵੀ ਅਸਰ ਪੈ ਰਿਹਾ ਹੈ | ਭਰੋਵਾਲ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਬਿਜਲੀ ਦੀ ਮੰਗ ਵਧਣ ਦੇ ਬਾਵਜੂਦ ਸਰਕਾਰ ਵਲੋਂ ਯੋਗ ਪ੍ਰਬੰਧ ਨਹੀਂ ਕੀਤੇ ਗਏ ਜੇ ਸਮੇਂ ਸਿਰ ਯੋਜਨਾ ਬਣਾਈ ਜਾਂਦੀ ਤਾਂ ਇਸ ਤਰਾਂ ਦੀ ਸਥਿਤੀ ਤੋਂ ਬਚਿਆ ਜਾ ਸਕਦਾ ਸੀ | ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਅਣਘੋਸ਼ਿਤ ਕੱਟਾਂ ਨੂੰ ਘਟਾਇਆ ਜਾਵੇ, ਤਾਂ ਜੋ ਲੋਕਾਂ ਨੂੰ ਇਸ ਗਰਮੀ ਵਿਚ ਰਾਹਤ ਮਿਲ ਸਕੇ | ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਵਿਚ ਰੋਸ ਹੋਰ ਵੱਧ ਸਕਦਾ ਹੈ | ਇਸ ਮੌਕੇ ਉਨਾਂ ਨਾਲ ਲਖਵਿੰਦਰ ਸਿੰਘ ਖਡੂਰ ਸਾਹਿਬ, ਹਰਜਿੰਦਰ ਸਿੰਘ, ਹੀਰਾ ਸਿੰਘ , ਜੋਬਨਜੀਤ ਸਿੰਘ, ਵਰਿੰਦਰਪਾਲ ਸਿੰਘ, ਜਤਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |