ਗ਼ਰੀਬਾਂ ਦਾ ਕਾਹਦਾ ਮਜ਼ਦੂਰ ਦਿਵਸ...
ਤਰਨ ਤਾਰਨ, 1 ਮਈ (ਹਰਿੰਦਰ ਸਿੰਘ)-1 ਮਈ ਨੂੰ ਜਿੱਥੇ ਦੇਸ਼ ਵਿਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਪੰਜਾਬ ਸਰਕਾਰ ਵਲੋਂ ਮਜ਼ਦੂਰ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਹੋਇਆ ਹੈ ਪਰ ਸਰਕਾਰੀ ਛੱੁਟੀ ਹੋਣ ਦੇ ਬਾਵਯੂਦ ਵੀ ਨਗਰ ਕੌਂਸਲ ਤਰਨ ਤਾਰਨ ਦੇ ਠੇਕੇ 'ਤੇ ਰੱਖੇ ਕਰਮਚਾਰੀ ਕੰਮ ਕਰਦੇ ਦਿਖਾਈ ਦਿੱਤੀ | ਇਹ ਕਰਮਚਾਰੀ ਸੜਕਾਂ ਤੋਂ ਕੂੜਾ ਚੁੱਕ ਕੇ ਡੰਪ ਵਿਚ ਸੁੱਟ ਰਹੇ ਸਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜਿੰਨ੍ਹਾਂ ਕਰਮਚਾਰੀਆਂ ਲਈ ਇਹ ਮਜ਼ਦੂਰ ਦਿਵਸ ਮਨਾਇਆ ਜਾਦਾ ਹੈ, ਉਹ ਆਪਣੇ ਅਸਲ ਹੱਕਾਂ ਤੋਂ ਵਾਂਝੇ ਹਨ, ਜਿਸ ਦੀ ਤਾਜਾ ਮਿਸਾਲ ਤਰਨ ਤਾਰਨ ਸ਼ਹਿਰ ਤੋਂ ਮਿਲੀ, ਜਿਥੇ ਮਜ਼ਦੂਰ ਦਿਵਸ ਮੌਕੇ ਨਗਰ ਕੌਂਸਲ ਦੇ ਠੇਕੇ 'ਤੇ ਰੱਖੇ ਸਫਾਈ ਕਰਮਚਾਰੀ ਕੰਮ ਕਰਦੇ ਦੇਖੇ ਗਏ, ਜੋ ਕਿ ਲੋਕਾਂ ਦੇ ਘਰਾਂ ਅਤੇ ਸੜਕਾਂ ਤੋਂ ਕੂੜਾ ਇਕੱਠਾ ਕਰਕੇ ਕੂੜਾ ਡੰਪਾਂ ਵਿਚ ਸੁੱਟ ਰਹੇ ਸਨ | ਇਸ ਸੰਬੰਧੀ ਕੰਮ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਸਾਡਾ ਕਾਹਦਾ ਮਜ਼ਦੂਰ ਦਿਵਸ ਹੈ, ਸਾਨੂੰ ਤਾਂ ਕੰਮ ਕਰਨਾ ਹੀਂ ਪੈਦਾ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਜ਼ਦੂਰ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਮਜ਼ਦੂਰਾਂ ਦੇ ਸਨਮਾਨ ਲਈ ਕੋਈ ਵੀ ਪ੍ਰੋਗਰਾਮ ਨਹੀਂ ਰੱਖਿਆ ਗਿਆ, ਜੋ ਕਿ ਮਜ਼ਦੂਰਾਂ ਨਾਲ ਵੱਡੀ ਬੇਇਨਸਾਫ਼ੀ ਹੈ, ਜਿਸ ਕਾਰਨ ਮਜ਼ਦੂਰਾਂ ਵਿਚ ਵੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਮਜ਼ਦੂਰ ਦਿਵਸ ਮੌਕੇ ਪ੍ਰਸ਼ਾਸਨ ਵਲੋਂ ਮਜ਼ਦੂਰਾਂ ਦਾ ਸਨਮਾਨ ਸਮਾਰੋਹ ਜਰੂਰ ਰੱਖਣਾ ਚਾਹੀਦਾ ਹੈ | ਇਸ ਮੌਕੇ ਵੱਖ-ਵੱਖ ਯੂਨੀਅਨ ਨਾਲ ਸੰਬੰਧਿਤ ਆਗੂਆਂ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ, ਸੀ. ਪੀ. ਆਈ. ਦੇ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਦਲਵਿੰਦਰ ਸਿੰਘ ਪੰਨੂੰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਮਿ੍ਤਪਾਲ ਸਿੰਘ ਜੌੜਾ, ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਕਾਮਰੇਡ ਬਲਦੇਵ ਸਿੰਘ ਪੰਡੋਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਮਜ਼ਦੂਰ ਦਿਵਸ ਸਿਰਫ਼ ਸਰਕਾਰੀ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਸਰਕਾਰੀ ਛੁੱਟੀ ਦਾ ਆਨੰਦ ਵੀ ਸਿਰਫ਼ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਲੈਂਦੇ ਹਨ, ਜਦਕਿ ਮਜ਼ਦੂਰ ਵਰਗ ਨਾਲ ਸੰਬੰਧਿਤ ਲੋਕਾਂ ਨੂੰ ਇਸਦਾ ਕੋਈ ਵੀ ਲਾਭ ਨਹੀਂ ਹੁੰਦਾ ਅਤੇ ਉਹ ਮਜ਼ਦੂਰ ਦਿਵਸ ਵਾਲੇ ਦਿਨ ਵੀ ਕੰਮ ਕਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਸਲ ਵਿਚ ਮਜ਼ਦੂਰ ਦਿਵਸ ਮਨਾਉਣਾ ਚਾਹੁੰਦੀ ਹੈ ਤਾਂ ਉਹ ਵੱਖ-ਵੱਖ ਕਾਰੋਬਾਰ ਨਾਲ ਸੰਬੰਧਿਤ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਦੀ ਪਤਾ ਕਰਕੇ ਉਨ੍ਹਾਂ ਦਾ ਸਨਮਾਨ ਕਰੇ ਅਤੇ ਉਨ੍ਹਾਂ ਦੀ ਆਰਥਿਕ ਮਦਦ ਕਰੇ ਤਾਂ ਹੀ ਅਸਲ ਮਜ਼ਦੂਰ ਦਿਵਸ ਮਨਾਉਣ ਦਾ ਮਕਸਦ ਪੂਰਾ ਹੋਵੇਗਾ | ਇਸ ਸੰਬੰਧੀ ਜਦੋਂ ਨਗਰ ਕੌਂਸਲ ਤਰਨ ਤਾਰਨ ਦੇ ਈ. ਓ. ਕਵਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਚ ਮਜ਼ਦੂਰ ਦਿਵਸ 'ਤੇ ਸਾਰੇ ਕਰਮਚਾਰੀਆਂ ਨੂੰ ਛੁੱਟੀ ਹੈ | ਸਫ਼ਾਈ ਕਰਮਚਾਰੀ ਠੇਕੇ 'ਤੇ ਹਨ | ਇਸ ਸੰੰਬੰਧੀ ਜੇਕਰ ਠੇਕੇਦਾਰ ਵਲੋਂ ਮਜ਼ਦੂਰ ਦਿਵਸ ਮੌਕੇ ਇਨ੍ਹਾਂ ਵਿਅਕਤੀਆਂ ਪਾਸੋਂ ਕੰਮ ਕਰਵਾਇਆ ਗਿਆ ਹੈ, ਇਸ ਦੀ ਜਾਂਚ ਹੋਵੇਗੀ ਅਤੇ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਵੀ ਕੀਤੀ ਜਾਵੇਗੀ |