ਪੱਟੀ, 1 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਦਾਣਾ ਮੰਡੀ ਪੱਟੀ ਵਿਖੇ ਅਮਰਜੀਤ ਸਿੰਘ ਦੀ ਅਗਵਾਈ ਹੇਠ ਸੂਹਾ ਲਾਲ ਝੰਡਾ ਲਹਿਰਾ ਕੇ ਰੈਲੀ ਕੱਢੀ ਗਈ | ਇਸ ਮੌਕੇ ਮਜ਼ਦੂਰਾਂ ਵਲੋਂ ਆਪਣੇ ਹੱਕਾਂ ਲਈ ਨਾਅਰੇਬਾਜ਼ੀ ਵੀ ਕੀਤੀ ਗਈ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਮਜ਼ਦੂਰਾਂ ਵਲੋਂ 8 ਘੰਟੇ ਦੀ ਡਿਊਟੀ ਦੀ ਮੰਗ ਲਈ ਪੁਰਅਮਨ ਰੋਸ ਮਾਰਚ ਕੀਤਾ ਗਿਆ ਸੀ, ਜਿਸ ਦੌਰਾਨ ਉਥੋਂ ਦੀ ਸਰਕਾਰ ਵਲੋਂ ਜ਼ੁਲਮ ਕਰਦੇ ਹੋਏ ਕਈ ਮਜ਼ਦੂਰਾਂ ਅਤੇ ਆਗੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ | ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਮਈ ਦਿਹਾੜਾ ਮਨਾਇਆ ਜਾਂਦਾ ਹੈ | ਇਸ ਮੌਕੇ ਮਜ਼ਦੂਰ ਆਗੂ ਦਿਆਲ ਸਿੰਘ, ਕਾ. ਧਰਮ ਸਿੰਘ, ਸੀ.ਟੀ.ਯੂ. ਪੱਟੀ ਦੇ ਆਗੂ ਜਗਤਾਰ ਸਿੰਘ ਆਸਲ, ਬਲਦੇਵ ਸਿੰਘ, ਹਰੀ ਸਿੰਘ ਅਤੇ ਅੰਗਹੀਣਾਂ ਦੇ ਆਗੂ ਧਰਮਪਾਲ ਸਮੇਤ ਆਦਿ ਹਾਜ਼ਰ ਸਨ |