ਤਰਨ ਤਾਰਨ, 1 ਮਈ (ਪਰਮਜੀਤ ਜੋਸ਼ੀ)-ਮਮਤਾ ਨਿਕੇਤਨ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਬਦ ਗਾਇਨ ਤੋਂ ਬਾਅਦ ਵਿਦਿਆਰਥਣਾਂ ਦੁਆਰਾ ਮਿਹਨਤ ਕਰਨ ਵਾਲਿਆਂ ਨੂੰ ਸਮਰਪਿਤ ਇਕ ਸਮੂਹ ਗੀਤ ਪੇਸ਼ ਕੀਤਾ ਗਿਆ | ਇਸ ਉਪਰੰਤ ਦਸਵੀਂ ਕਲਾਸ ਦੀ ਇਸ਼ਮੀਤ ਕੌਰ ਅਤੇ ਜਸਮੀਤ ਕੌਰ ਦੁਆਰਾ ਮਜ਼ਦੂਰ ਦਿਵਸ ਮਨਾਏ ਜਾਣ 'ਤੇ ਮਹੱਤਵ, ਸਮਾਨਤਾ, ਮਿਹਨਤ ਆਦਿ ਗੁਣਾਂ 'ਤੇ ਭਾਸ਼ਣ ਪੇਸ਼ ਕੀਤਾ ਗਿਆ ਤੇ ਦਸਵੀਂ ਦੀ ਕੋਮਲਪ੍ਰੀਤ ਕੌਰ ਅਤੇ ਪਲਕਪ੍ਰੀਤ ਕੌਰ ਦੁਆਰਾ ਮਜ਼ਦੂਰਾਂ ਦੇ ਸੰਘਰਸ਼ ਅਤੇ ਮਿਹਨਤ ਨੂੰ ਦਰਸਾਉਂਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਬੱਚਿਆਂ ਨੇ ਕਮਿਊਨਿਟੀ ਹੈਲਪਰਸ (ਸਮਾਜਿਕ ਸਹਾਇਕਾਂ) ਦਾ ਰੂਪ ਧਾਰਨ ਕੀਤਾ ਅਤੇ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਇਆ | ਕਿਸੇ ਨੇ ਡਾਕਟਰ, ਕਿਸੇ ਨੇ ਅਧਿਆਪਕ, ਕਿਸੇ ਨੇ ਪੁਲਿਸ ਕਰਮਚਾਰੀ ਤੇ ਕਿਸੇ ਨੇ ਸਫ਼ਾਈ ਕਰਮਚਾਰੀ ਬਣ ਕੇ ਸਭ ਦਾ ਮਨ ਮੋਹ ਲਿਆ | ਇਸ ਦੇ ਨਾਲ ਹੀ ਸਕੂਲ ਦੇ ਪਿ੍ੰਸੀਪਲ ਗੁਰਚਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਨੂੰ ਹਰ ਇਕ ਮਿਹਨਤ ਕਰਨ ਵਾਲੇ ਇਨਸਾਨ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਕੰਮ ਨੂੰ ਵੱਡਾ-ਛੋਟਾ ਨਾ ਸਮਝ ਕੇ ਉਸ ਦੀ ਕਦਰ ਕਰਨੀ ਚਾਹੀਦੀ ਹੈ | ਹਰ ਕਰਮਚਾਰੀ ਦੀ ਇਕ ਆਪਣੀ ਪਛਾਣ ਹੈ | ਜਿਵੇਂ ਬੱਚਿਆਂ ਨੂੰ ਸਕੂਲ ਲਿਜਾਣ ਵਾਲੇ ਡਰਾਈਵਰ, ਸਕੂਲ ਵਿਚ ਪ੍ਰਵੇਸ਼ ਕਰਦਿਆਂ ਸਿਕੳਰਟੀ ਗਾਰਡ, ਰਿਸੇਪਸ਼ਨ ਤੇ ਛੋਟੇ-ਛੋਟੇ ਬੱਚਿਆਂ ਦੇ ਬੈਗ ਚੁੱਕ ਕੇ ਕਲਾਸਾਂ ਵਿਚ ਲਿਜਾਣ ਵਾਲੇ, ਪਾਣੀ ਪਿਲਾਉਣਾ, ਖਾਣਾ ਬਣਾਉਣ ਵਾਲੇ, ਇਥੋਂ ਤੱਕ ਕਿ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਵੀ ਆਪਣਾ ਕੰਮ ਮਿਹਨਤ ਤੇ ਇਮਾਨਦਾਰੀ ਨਾਲ ਕਰਦੇ ਹਨ, ਇਸ ਲਈ ਇਹ ਦਿਨ ਮਿਹਨਤ ਕਰਨ ਵਾਲੇ ਹਰ ਇਕ ਕਰਮਚਾਰੀ ਨੂੰ ਸਮਰਪਿਤ ਹੈ |