ਮੀਆਂਵਿੰਡ, 2 ਮਈ (ਗੁਰਪ੍ਰਤਾਪ ਸਿੰਘ ਸੰਧੂ)-ਜ਼ਿਲ੍ਹਾ ਤਰਨ ਤਾਰਨ ਤੋਂ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਕੁਆਰਡੀਨੇਟਰ ਯੁੱਧਵੀਰ ਸਿੰਘ ਸਰਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਤਹਿਸੀਲ ਖਡੂਰ ਸਾਹਿਬ ਵਿਚ ਪੱਕਾ ਤਹਿਸੀਲਦਾਰ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿਚ ਗੁਜ਼ਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਤਰਨ ਤਾਰਨ ਦੇ ਤਹਿਸੀਲਦਾਰ ਨੂੰ ਚੋਹਲਾ ਸਾਹਿਬ, ਗੋਇੰਦਵਾਲ ਸਾਹਿਬ ਅਤੇ ਖਡੂਰ ਸਾਹਿਬ ਤਹਿਸੀਲ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਨੂੰ ਚਾਰੇ ਤਹਿਸੀਲਾਂ ਵਿਚ ਡਿਊਟੀ ਨਿਭਾਉਣੀ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਵਤੀਰੇ ਨਾਲ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਅਤੇ ਆਪਣੇ ਛੋਟੇ-ਛੋਟੇ ਸਰਟੀਫਿਕੇਟ ਬਣਾਉਣ ਲਈ ਭਾਰੀ ਮੁਸ਼ਕਿਲਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਐਨ. ਆਰ.ਆਈਜ਼ ਤਹਿਸੀਲ ਵਿਚ ਆਪਣੇ ਕੰਮ ਕਰਵਾਉਣ ਲਈ ਆਏ ਹੋਏ ਹਨ, ਨੂੰ ਸਭ ਤੋਂ ਵੱਡੀ ਪ੍ਰੇਸ਼ਾਨੀ ਉਨ੍ਹਾਂ ਨੂੰ ਆ ਰਹੀ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਤਹਿਸੀਲ ਖਡੂਰ ਸਾਹਿਬ ਵਿਚ ਪੱਕੇ ਤੌਰ 'ਤੇ ਤਹਿਸੀਲਦਾਰ ਨਿਯੁਕਤ ਕੀਤਾ ਜਾਵੇ, ਤਾਂ ਜੋ ਲੋਕ ਸਹੀ ਸਮੇਂ ਅਤੇ ਬਿਨਾਂ ਖੱਜਲ ਖ਼ੁਆਰੀ ਦੇ ਆਪਣੇ ਕੰਮਕਾਜ ਕਰਵਾ ਸਕਣ |