27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕਈ ਸਮੱਸਿਆਵਾਂ ਨਾਲ ਜੂਝ ਰਿਹਾ ਇਤਿਹਾਸਿਕ ਕਸਬਾ ਚੋਹਲਾ ਸਾਹਿਬ <br/>

Ad Position 21
No active advertisement
ਅਜੀਤ ਡੈਸਕ 04-05-2026
ਚੋਹਲਾ ਸਾਹਿਬ, 3 ਅਪ੍ਰੈਲ (ਬਲਵਿੰਦਰ ਸਿੰਘ)-ਇਤਿਹਾਸਕ ਕਸਬਾ ਚੋਹਲਾ ਸਾਹਿਬ, ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਇੱਥੇ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਨੇੜਿਓਾ ਤੇ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇੱਥੇ ਰੋਜ਼ਾਨਾ ਨਤਮਸਤਕ ਹੋਣ ਲਈ ਪੁੱਜਦੀਆਂ ਹਨ | ਇਸ ਇਤਿਹਾਸਕ ਨਗਰ ਵਿਚ ਮੁੱਢਲੀਆਂ ਸਹੂਲਤਾਂ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਵਿਚੋਂ ਗੁਜਰਨਾ ਪੈ ਰਿਹਾ ਹੈ | ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਥੋਂ ਦੇ ਬੱਸ ਅੱਡੇ ਦੀ, ਇਸ ਇਤਿਹਾਸਕ ਨਗਰ ਦੇ ਬੱਸ ਅੱਡੇ ਵਿਚ ਸਵਾਰੀਆਂ ਦੇ ਬੈਠਣ ਲਈ ਕੋਈ ਵੀ ਢੁੱਕਵੀਂ ਥਾਂ ਮੌਜੂਦ ਨਹੀਂ ਹੈ, ਬਰਸਾਤ ਤੇ ਤੱਪਦੀ ਗਰਮੀ ਤੋਂ ਬਚਣ ਲਈ ਸਵਾਰੀਆਂ ਦੀ ਸਹੂਲਤ ਵਾਸਤੇ ਇੱਥੇ ਇਕ ਵੀ ਸ਼ੈੱਡ ਮੌਜੂਦ ਨਹੀਂ ਹੈ, ਬੱਸ ਦੀ ਉਡੀਕ ਕਰ ਰਹੀਆਂ ਸਵਾਰੀਆਂ ਨੇੜ੍ਹਲੀਆਂ ਦੁਕਾਨਾਂ ਵਿਚ ਬੈਠ ਕੇ ਆਪਣੀ ਬੱਸ ਦੀ ਉਡੀਕ ਕਰਦੀਆਂ ਹਨ | ਇਸ ਤੋਂ ਇਲਾਵਾ ਇਕ ਬੱਸ ਅੱਡੇ ਵਿਚ ਮੁੱਖ ਜ਼ਰੂਰਤ ਪੀਣ ਵਾਲੇ ਪਾਣੀ ਦੀ ਹੁੰਦੀ ਹੈ, ਪਰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਚੋਹਲਾ ਸਾਹਿਬ ਦੇ ਬੱਸ ਅੱਡੇ ਵਿਚ ਪੀਣ ਵਾਲੇ ਪਾਣੀ ਦੀ ਕੋਈ ਵੀ ਸਹੂਲਤ ਮੌਜੂਦ ਨਹੀਂ ਹੈ, ਤੇਜ਼ ਗਰਮੀ ਦੇ ਚੱਲਦਿਆਂ ਪੀਣ ਵਾਲੇ ਪਾਣੀ ਲਈ ਲੋਕਾਂ ਨੂੰ ਏਧਰ-ਓਧਰ ਵੇਖਣਾ ਪੈਂਦਾ ਹੈ, ਸਵਾਰੀਆਂ ਦੁਕਾਨਦਾਰਾਂ ਕੋਲੋਂ ਮੰਗ ਕੇ ਪਾਣੀ ਪੀਣ ਲਈ ਮਜ਼ਬੂਰ ਵੇਖੀਆਂ ਜਾ ਸਕਦੀਆਂ ਹਨ | ਇੱਥੇ ਇਹ ਵੀ ਦੱਸ ਦੇਈਏ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰਿਆਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਹੋਈਆਂ ਹਨ, ਉੱਥੇ ਇਸ ਨਗਰ ਵਿਚ ਆਉਣ ਲਈ ਕਿਸੇ ਵੀ ਸਰਕਾਰੀ ਬੱਸ ਸੇਵਾ ਦੀ ਸਹੂਲਤ ਨਹੀਂ ਦਿੱਤੀ ਗਈ, ਇਲਾਕੇ ਦੇ ਟਰਾਂਸਪੋਰਟ ਮੰਤਰੀ ਹੋਣ ਦੇ ਬਾਵਜੂਦ ਵੀ ਇਹ ਨਗਰ ਸਰਕਾਰੀ ਬੱਸ ਸੇਵਾ ਤੋਂ ਅੱਜ ਵੀ ਵਾਂਝਾ ਹੈ | ਇੱਥੇ ਆਉਣ ਜਾਣ ਲਈ ਕੋਈ ਵੀ ਸਰਕਾਰੀ ਬੱਸ ਨਹੀਂ ਚਲਾਈ ਗਈ | ਜੇਕਰ ਸੀਵਰੇਜ ਸਿਸਟਮ ਦੀ ਗੱਲ ਕਰੀਏ ਤਾਂ ਇਸ ਨਗਰ ਦਾ ਸੀਵਰੇਜ ਸਿਸਟਮ ਅਕਸਰ ਬੰਦ ਰਹਿਣ ਕਰਕੇ ਇੱਥੋਂ ਦੇ ਮੁੱਖ ਬਾਜ਼ਾਰਾਂ ਵਿਚ ਸੀਵਰੇਜ ਦਾ ਗੰਦਾ ਪਾਣੀ ਸ਼ਰੇਆਮ ਵੇਖਿਆ ਜਾ ਸਕਦਾ ਹੈ | ਬੇਸ਼ੱਕ ਸਮੇਂ-ਸਮੇਂ ਸੀਵਰੇਜ ਸਿਸਟਮ ਦੀ ਸਫ਼ਾਈ ਕੀਤੀ ਜਾਂਦੀ ਹੈ, ਪਰ ਸੀਵਰੇਜ ਸਿਸਟਮ ਦੇ ਅਕਸਰ ਹੀ ਬੰਦ ਰਹਿਣ ਕਰਕੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਤੱਕ ਪੁੱਜ ਜਾਂਦਾ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿਚੋਂ ਗੁਜਰਨਾ ਪੈਂਦਾ ਹੈ | ਇਸ ਨਗਰ ਦੇ ਪ੍ਰਵੇਸ਼ ਦੁਆਰ ਦੇ ਨੇੜੇ ਸੀਵਰੇਜ ਦਾ ਪਾਣੀ ਲੀਕ ਹੋਣ ਕਰਕੇ ਡੂੰਘੇ ਟੋਏ ਪੈ ਗਏ ਹਨ, ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ | ਇਸ ਨਗਰ ਵਿਚ ਕੂੜੇ ਦਾ ਡੰਪ ਨਾ ਹੋਣਾ ਵੀ ਲੋਕਾਂ ਦੀ ਵੱਡੀ ਸਮੱਸਿਆ ਬਣਿਆ ਹੋਇਆ ਹੈ, ਗਲੀਆਂ ਬਾਜ਼ਾਰਾਂ ਦੀ ਸਫਾਈ ਕਰਨ ਵਾਲੇ ਕਰਮਚਾਰੀਆਂ ਨੂੰ ਕੂੜਾ ਸੁੱਟਣ ਲਈ ਬਹੁਤ ਖੱਜਲ-ਖੁਆਰ ਹੋਣਾ ਪੈਂਦਾ ਹੈ | ਵੱਡੀ ਅਬਾਦੀ ਵਾਲੇ ਇਸ ਨਗਰ ਵਿਚ ਕੂੜੇ ਦਾ ਇਕ ਵੀ ਡੰਪ ਨਾ ਹੋਣ ਕਰਕੇ ਵਿਹਲੀਆਂ ਥਾਵਾਂ 'ਤੇ ਕੂੜੇ ਦੇ ਲੱਗੇ ਢੇਰ ਆਮ ਦਿਖਾਈ ਦਿੰਦੇ ਹਨ | ਜੋ ਇਸ ਇਤਿਹਾਸਕ ਨਗਰ ਦੀ ਮਹੱਤਤਾ ਅਤੇ ਸੁੰਦਰਤਾ ਨੂੰ ਮੂੰਹ ਚਿੜਾ ਰਹੇ ਪ੍ਰਤੀਤ ਹੁੰਦੇ ਹਨ | ਇਸ ਇਤਿਹਾਸਕ ਨਗਰ ਦੀ ਮਹਾਨਤਾ ਨੂੰ ਵੇਖਦਿਆਂ ਹੋਇਆਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਪਹਿਲ ਦੇ ਅਧਾਰ 'ਤੇ ਉੱਕਤ ਸਮੱਸਿਆਵਾਂ ਵੱਲ ਧਿਆਨ ਦੇਵੇ, ਤਾਂ ਜੋ ਬਾਹਰੋਂ ਆਉਣ-ਜਾਣ ਵਾਲੇ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਦਿਵਿਆਂਗ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਵਾਲੀਆਂ ਲਾਹ ਕੇ ਲੁਟੇਰੇ ਫ਼ਰਾਰ
Ad Position 24