ਟਾਹਲੀ ਸਾਹਿਬ, 3 ਮਈ (ਵਿਨੋਦ ਭੀਲੋਵਾਲ)-ਵਿਧਾਨ ਸਭਾ ਹਲਕਾ ਮਜੀਠਾ ਦੇ ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਨ ਉਪਰੰਤ ਪਿੰਡ ਖਿੱਦੋਵਾਲੀ ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀਆਂ ਨਕਾਮੀਆਂ ਤੋਂ ਸੂਬੇ ਦੇ ਲੋਕ ਡਾਹਢੇ ਪ੍ਰੇਸ਼ਾਨ ਤੇ ਦੁਖੀ ਹਨ, ਕਿਉਂਕਿ ਪੰਜਾਬ ਦੇ ਲੋਕਾਂ ਨੇ ਬੜੇ ਚਾਵਾਂ ਨਾਲ ਇਸ ਬਦਲਾਅ ਲਿਆਉਣ ਵਾਲੀ ਪਾਰਟੀ ਨੂੰ ਵੋਟਾਂ ਪਾਕੇ ਇਕ ਪਾਸੜ ਹੀ 92 ਸੀਟਾਂ ਨਾਲ ਇਤਿਹਾਸਕ ਫਤਵਾ ਦਿੱਤਾ ਸੀ, ਪਰ ਇਹ ਮੌਜੂਦਾ ਸਰਕਾਰ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤੇ ਹਰ ਪਿੰਡ ਵਿਚ ਲੋਕਾਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਚੱਲਣ ਲਈ ਮਜ਼ਬੂਰ ਕਰ ਰਹੀ ਹੈ ਪਰ ਪੰਜਾਬ ਦੇ ਲੋਕਾਂ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਚੁੱਪੀ ਧਾਰੀ ਹੈ ਜਿਸ ਦਾ ਪਿਟਾਰਾ ਲੋਕ ਦੋ ਚਾਰ ਮਹੀਨਿਆਂ ਵਿਚ ਖੋਲ ਦੇਣਗੇ | ਇਸ ਮੌਕੇ ਰਗਵਿੰਦਰ ਸਿੰਘ, ਜਸਕਰਨ ਸਿੰਘ, ਸਰਪੰਚ ਸ਼ਮਸ਼ੇਰ ਸਿੰਘ ਬਾਬੋਵਾਲ, ਸੁਖਬੀਰ ਸਿੰਘ ਬੋਪਾਰਾਏ, ਜਰਮਨਜੀਤ ਸਿੰਘ ਖਿੱਦੋਵਾਲੀ, ਮਨਜਿੰਦਰ ਸਿੰਘ ਰੰਧਾਵਾ, ਰਣਜੀਤ ਸਿੰਘ ਮੱਝਵਿੰਡ ਤੇ ਹੋਰ ਵੀ ਸਾਥੀ ਹਾਜ਼ਰ ਸਨ |