ਝਬਾਲ, 4 ਮਈ (ਸੁਖਦੇਵ ਸਿੰਘ)ਨੈਸ਼ਨਲ ਹਾਈਵੇ ਅਥਾਰਟੀ ਵਲੋਂ ਭਾਵੇਂ ਅੰਮਿ੍ਤਸਰ-ਝਬਾਲ ਰੋਡ ਨੂੰ ਚਾਰ ਮਾਰਗੀ ਬਣਾ ਕੇ ਸੜਕਾਂ ਦੇ ਕਿਨਾਰਿਆਂ ਨਾਲ ਸਰਵਿਸ ਲਾਈਨ ਬਣਾਈ ਗਈ ਹੈ, ਪਰ ਰੇਹੜੀ ਫੜੀਆਂ ਤੇ ਰੇਹੜੀਆਂ ਵਾਲਿਆਂ ਵਲੋਂ ਸਰਵਿਸ ਲਾਈਨ ਤੋਂ ਵੀ ਅੱਗੇ ਟੱਪ ਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ਮੁੜ ਸੁੰਗੜ ਕੇ ਰਹਿ ਗਈ ਹੈ | ਨਾਜਾਇਜ਼ ਕਬਜ਼ਿਆਂ ਕਾਰਨ ਜਿੱਥੇ ਅਵਾਜਾਈ ਵਿਚ ਭਾਰੀ ਵਿਘਨ ਪੈ ਰਿਹਾ ਹੈ, ਉੱਥੇ ਆਏ ਦਿਨ ਸੜਕੀ ਹਾਦਸੇ ਵੀ ਵਾਪਰ ਰਹੇ ਹਨ | ਇਹੀ ਹਾਲ ਝਬਾਲ ਅਟਾਰੀ ਰੋਡ ਦਾ ਬਣਿਆ ਹੋਇਆ ਹੈ | ਇਸ ਰੋਡ 'ਤੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕਿਰਾਏ 'ਤੇ ਲਗਾਈਆਂ ਗਈਆਂ ਰੇਹੜੀਆਂ ਅਤੇ ਬਾਹਰ ਕੱਢ ਕੇ ਰੱਖੇ ਗਏ ਸਾਮਾਨ ਕਾਰਨ ਇਸ ਸੜਕ 'ਤੇ ਕਈਕਈ ਘੰਟੇ ਜਾਮ ਲੱਗਾ ਰਹਿੰਦਾ ਹੈ | ਇੱਥੇ ਘਰੇਲੂ ਕੰਮਾਂਕਾਰਾਂ ਲਈ ਆਉਂਦੇ ਲੋਕਾਂ ਬਿਨਾਂ ਕਿਸੇ ਰੋਕ ਟੋਕ 'ਤੇ ਸੜਕਾਂ ਦੇ ਕਿਨਾਰਿਆਂ ਤੇ ਵਾਹਨ ਖੜੇ ਕਰਕੇ ਚਲੇ ਜਾਂਦੇ ਹਨ, ਜਿਸ ਕਰਕੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ | ਇਹ ਹੀ ਹਾਲ ਝਬਾਲ ਤਰਨ ਤਾਰਨ ਰੋਡ ਦਾ ਬਣਿਆ ਹੋਇਆ ਹੈ | ਇੱਥੇ ਵੀ ਸੜਕ ਦੇ ਫੁੱਟਪਾਥਾਂ 'ਤੇ ਰੇਹੜੀ ਫੜੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ | ਭਾਵੇਂ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇੱਥੇ ਵੱਖਰਾ ਟ੍ਰੈਫਿਕ ਵਿੰਗ ਸਥਾਪਿਤ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਅਵਾਜਾਈ ਦੀ ਸਮੱਸਿਆਂ ਗੰਭੀਰ ਬਣੀ ਹੋਈ ਹੈ | ਲੋਕਾਂ ਨੇ ਸੜਕਾਂ ਕਿਨਾਰੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਦੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ |