ਤਰਨ ਤਾਰਨ, 4 ਮਈ (ਹਰਿੰਦਰ ਸਿੰਘ)-ਪੰਜਾਬ ਦੇ ਸਰਹੱਦੀ ਪਿੰਡਾਂ ਵਿਚ ਸੰਗਠਿਤ ਅਪਰਾਧ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਤਰਨ ਤਾਰਨ ਪੁਲਿਸ ਨੇ ਪੰਜਾਬ ਪੁਲਿਸ ਦੀ 'ਗੈਂਗਸਟਰਾਂ ਖਿਲਾਫ਼ ਜ਼ੀਰੋ ਟਾਲਰੈਂਸ' ਨੀਤੀ ਤਹਿਤ ਪਾਕਿਸਤਾਨ ਨਾਲ ਸਬੰਧਤ ਡਰੱਗ ਤਸਕਰੀ ਨੈੱਟਵਰਕ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਹੈ | ਇਹ ਨੈੱਟਵਰਕ ਰਾਜ ਵਿਚ ਗੈਂਗਸਟਰਾਂ ਨੂੰ ਆਪਣੇ ਗੈਰ ਕਾਨੂੰਨੀ ਕਾਰੋਬਾਰ ਚਲਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ | ਭਗਵੰਤ ਮਾਨ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਪਿਛਲੇ ਤਿੰਨ ਮਹੀਨਿਆਂ ਵਿਚ ਨਾਰਕੋਟਿਕ ਡਰੱਗਸ ਐਂਡ ਸਾਈਕੋਟਰਾਪਿਕ ਸਬਸਟੈਂਸਿਜ਼ ਐਕਟ ਅਧੀਨ 490 ਮਾਮਲੇ ਦਰਜ ਕੀਤੇ, 630 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਅਤੇ 47.527 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਚੁਣੌਤੀਆਂ ਦੇ ਬਾਵਜੂਦ ਸੂਬਾ ਪੁਲਿਸ ਨੇ ਪਾਕਿਸਤਾਨ ਤੋਂ ਲਾਜਿਸਟਿਕ ਸਹਾਇਤਾ ਪ੍ਰਾਪਤ ਕਰ ਰਹੇ ਗੈਂਗਸਟਰ ਨੈੱਟਵਰਕਾਂ ਖਿਲਾਫ਼ ਠੋਸ ਕਾਰਵਾਈ ਕੀਤੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਇਕ ਸਾਲ ਵਿਚ 65 ਕਰੋੜ ਰੁਪਏ ਦੀ ਸੰਪਤੀ ਫ੍ਰੀਜ਼ ਕੀਤੀ ਗਈ ਹੈ, ਜਿਸ ਵਿਚੋਂ ਜਿਆਦਾਤਰ ਪਿਛਲੇ ਤਿੰਨ ਮਹੀਨਿਆਂ ਦੀ ਕਾਰਵਾਈ ਦਾ ਨਤੀਜਾ ਹੈ | ਇਹ ਸੰਪਤੀਆਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਗੈਂਗਸਟਰਾਂ ਅਤੇ ਡਰੱਗ ਤਸਕਰਾਂ ਨਾਲ ਜੁੜੀਆਂ ਹੋਈਆਂ ਸਨ ਅਤੇ ਇਨ੍ਹਾਂ ਰਾਹੀਂ ਉਹ ਆਪਣੀਆਂ ਗਤੀਵਿਧੀਆਂ ਚਲ ਰਹੇ ਸਨ | ਪਾਕਿਸਤਾਨ ਨਾਲ ਸਾਡੀ ਲਗਪਗ 102 ਕਿਲੋਮੀਟਰ ਲੰਬੀ ਸਰਹੱਦ ਲੱਗਣ ਕਾਰਨ ਗੁਆਂਢੀ ਮੁਲਕ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਵਿਚ ਸਰਗਰਮ ਰਹਿੰਦਾ ਹੈ | ਹਾਲੀਆ ਸਮੇਂ ਵਿਚ ਤਸਕਰੀ ਦੇ ਢੰਗ-ਤਰੀਕੇ ਤੇਜ਼ੀ ਨਾਲ ਬਦਲੇ ਹਨ, ਪਰ ਅਪਰਾਧ ਨੂੰ ਨੱਥ ਪਾਉਣ ਦੇ ਆਪਣੇ ਠੋਸ ਇਰਾਦੇ ਤਹਿਤ ਲਈ ਜ਼ਿਲ੍ਹਾ ਪੁਲਿਸ ਨੇ ਟੀਚਾਗਤ ਰਣਨੀਤੀ ਅਪਣਾਈ ਹੈ | ਸਾਲ 2024 ਵਿਚ 313 ਮਾਮਲੇ ਦਰਜ ਹੋਏ, 358 ਗਿ੍ਫ਼ਤਾਰੀਆਂ ਹੋਈਆਂ ਤੇ 115 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ | ਜਦਕਿ ਪਿਛਲੇ ਸਾਲ 1334 ਮਾਮਲੇ ਦਰਜ ਹੋਏ, 1662 ਗਿ੍ਫ਼ਤਾਰੀਆਂ ਹੋਈਆਂ ਅਤੇ 244 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ | ਸਰਹੱਦੀ ਖੇਤਰਾਂ ਵਿਚ 'ਡਰੋਨ ਡਰੱਗ ਗੰਨ' ਨੈਕਸਸ ਇਕ ਹਾਈ-ਟੈਕ ਆਪਰੇਸ਼ਨ ਮਾਡਲ ਵਜੋਂ ਸਾਹਮਣੇ ਆਇਆ ਹੈ | 'ਗੈਂਗਸਟਰਾਂ ਤੇ ਵਾਰ' ਮੁਹਿੰਮ ਰਾਹੀਂ ਪੁਲਿਸ ਨੇ ਅਜਿਹੇ ਨੈੱਟਵਰਕਾਂ ਖਿਲਾਫ ਆਪਣੀ ਪਕੜ ਮਜ਼ਬੂਤ ਕੀਤੀ ਹੈ | ਡਰੱਗ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਰਾਹੀਂ ਗੈਂਗ ਆਪਣਾ ਆਰਥਿਕ ਆਧਾਰ ਮਜ਼ਬੂਤ ਕਰਨ ਦੀ ਕੋਸਸ਼ਿਸ਼ ਵਿਚ ਲੱਗੇ ਹੋਏ ਹਨ ਤੇ ਵੱਡੇ ਅਪਰਾਧਾਂ ਨੂੰ ਅੰਜ਼ਾਮ ਦੇਣ ਲਈ ਸਥਾਨਕ ਨੌਜਵਾਨਾਂ ਨੂੰ ਗਿਰੋਹਾਂ ਵਿਚ ਸ਼ਾਮਿਲ ਕਰ ਰਹੇ ਹਨ | ਪੁਲਿਸ ਅਧਿਕਾਰੀਆਂ ਮੁਤਾਬਕ ਡਰੋਨਾਂ ਰਾਹੀਂ ਭਾਰਤੀ ਖੇਤਰ ਵਿਚ ਲਗਾਤਾਰ ਡਰੱਗ ਅਤੇ ਹਥਿਆਰ ਸੁੱਟੇ ਜਾ ਰਹੇ ਹਨ | ਇਹ ਖੇਪਾਂ ਸਰਹੱਦੀ ਇਲਾਕਿਆਂ ਤੋਂ ਇਕੱਠੀਆਂ ਕਰਕੇ ਵੱਖ-ਵੱਖ ਸ਼ਹਿਰਾਂ ਵਿਚ ਪਹੁੰਚਾਈਆਂ ਜਾਂਦੀਆਂ ਹਨ | ਇਹ ਸੰਗਠਿਤ ਅਪਰਾਧ ਗਿਰੋਹਾਂ ਲਈ ਆਮਦਨ ਦਾ ਵੱਡਾ ਸਰੋਤ ਬਣਿਆ ਹੋਇਆ ਹੈ | ਐੱਸ.ਐੱਸ.ਪੀ. ਲਾਂਬਾ ਨੇ ਦੱਸਿਆ ਕਿ ਛੋਟੇ ਡਰੋਨ 0.5 ਤੋਂ 12 ਕਿਲੋਗ੍ਰਾਮ ਤੱਕ ਭਾਰ ਢੋਅ ਸਕਦੇ ਹਨ, ਜਦਕਿ ਵੱਡੇ ਡਰੋਨ ਇਕ ਹੀ ਉਡਾਣ ਵਿਚ 25 ਕਿਲੋਗ੍ਰਾਮ ਤੱਕ ਖੇਪ ਲਿਜਾ ਸਕਦੇ ਹਨ | ਇਹ ਡਰੋਨ ਭਾਰਤੀ ਖੇਤਰ ਵਿਚ 5 ਤੋਂ 15 ਕਿਲੋਮੀਟਰ ਤੱਕ ਦਾਖ਼ਲ ਹੋ ਸਕਦੇ ਹਨ, ਜੋ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ | ਉਨ੍ਹਾਂ ਕਿਹਾ ਕਿ ਦੂਜੀ ਸੁਰੱਖਿਆ ਪੰਕਤੀ ਹੋਣ ਦੇ ਬਾਵਜੂਦ ਜ਼ਿਲ੍ਹਾ ਪੁਲਿਸ ਨੇ ਖੁਫ਼ੀਆ ਆਧਾਰਿਤ ਕਾਰਵਾਈਆਂ ਰਾਹੀਂ ਠੋਸ ਨਤੀਜੇ ਹਾਸਲ ਕੀਤੇ ਹਨ | ਜ਼ਿਲ੍ਹਾ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਗੈਂਗਸਟਰਾਂ ਤੇ ਵਾਰ ਮੁਹਿੰਮਾਂ ਜੋ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਨੈੱਟਵਰਕਾਂ ਨੂੰ ਬੇਅਸਰ ਕਰਨ ਲਈ ਲਾਗੂ ਕੀਤੀਆਂ ਗਈਆਂ ਹਨ, ਅਧੀਨ ਹੁਣ ਤੱਕ 1736 ਮਾਮਲੇ ਦਰਜ ਕੀਤੇ ਹਨ ਅਤੇ 2200 ਤੋਂ ਵੱਧ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਹਾਲ ਹੀ ਵਿਚ ਚਲਾਏ ਗਏ 'ਆਪਰੇਸ਼ਨ ਪ੍ਰਹਾਰ' ਦੌਰਾਨ ਛੇ ਦਿਨਾਂ ਵਿਚ 236 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ 10 ਭਗੌੜੇ ਅਪਰਾਧੀ ਵੀ ਸ਼ਾਮਿਲ ਹਨ | ਇਸ ਦੌਰਾਨ 3.5 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ | ਮੁਹਿੰਮ ਵਿਚ 50 ਟੀਮਾਂ ਤਾਇਨਾਤ ਕੀਤੀਆਂ ਗਈਆਂ ਤੇ ਹਰ ਟੀਮ ਵਿਚ 10 ਪੁਲਿਸ ਕਰਮਚਾਰੀ ਸ਼ਾਮਿਲ ਸਨ | ਉਨ੍ਹਾਂ ਅੱਗੇ ਦੱਸਿਆ ਕਿ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਲਈ ਐਂਟੀ-ਡਰੋਨ ਸਿਸਟਮ ਸਥਾਪਿਤ ਕੀਤਾ ਗਿਆ ਅਤੇ 24 ਘੰਟੇ ਗਸ਼ਤ ਕੀਤੀ ਜਾ ਰਹੀ ਗਈ ਹੈ | ਬਰਾਮਦ ਡਰੋਨਾਂ ਵਿਚ ਕੈਮਰੇ, ਜੀ.ਪੀ.ਐੱਸ. ਸਿਸਟਮ ਅਤੇ ਪਹਿਲਾਂ ਤੋਂ ਫੀਡ ਕੀਤੇ ਰੂਟ ਮੈਪ ਮਿਲੇ ਹਨ, ਜੋ ਤਸਕਰਾਂ ਦੀ ਤਕਨੀਕੀ ਸਮਰੱਥਾ ਨੂੰ ਦਰਸਾਉਂਦੇ ਹਨ | ਹਾਲ ਹੀ ਵਿਚ 10 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ | ਗੈਂਗਸਟਰ ਡਰੱਗ ਅਤੇ ਹਥਿਆਰਾਂ ਤੋਂ ਹੋਣ ਵਾਲੀ ਆਮਦਨ ਨਾਲ ਆਪਣੇ ਨੈੱਟਵਰਕ ਮਜ਼ਬੂਤ ਕਰ ਰਹੇ ਹਨ | ਸਥਾਨਕ ਕਾਰਕੁਨਾਂ ਦਾ ਇਸਤੇਮਾਲ ਫਿਰੌਤੀ ਲਈ ਕੀਤਾ ਜਾਂਦਾ ਹੈ ਅਤੇ ਫ਼ੋਨ ਕਾਲਾਂ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ | ਭੁਗਤਾਨ ਨਾ ਹੋਣ ਦੀ ਸੂਰਤ ਵਿਚ ਡਰ ਫੈਲਾਉਣ ਅਤੇ ਗੱਲ ਮਨਵਾਉਣ ਲਈ ਗੋਲੀਬਾਰੀ ਆਦਿ ਵਰਗੀਆਂ ਗਤੀਵਿਧੀਆਂ ਦਾ ਸਹਾਰਾ ਲਿਆ ਜਾਂਦਾ ਹੈ | 'ਗੈਂਗਸਟਰਾਂ ਤੇ ਵਾਰ' ਮੁਹਿੰਮ ਹੇਠ ਹਾਲੀਆ ਕਾਰਵਾਈਆਂ ਵਿਚ ਪੁਲਿਸ ਨੇ ਕਈ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਦੋ ਸ਼ੂਟਰਾਂ ਦੇ ਨਾਲ ਫ਼ਾਈਨੈਂਸਰ, ਓਪਰੇਟਰ ਅਤੇ 14 ਸਾਥੀ ਸ਼ਾਮਿਲ ਹਨ | ਸੋਸ਼ਲ ਮੀਡੀਆ ਖਾਤਿਆਂ ਅਤੇ ਬੈਂਕਿੰਗ ਲੈਣ-ਦੇਣ ਦੀ ਨਿਗਰਾਨੀ ਵੀ ਤੇਜ਼ ਕੀਤੀ ਗਈ ਹੈ, ਜਿੱਥੇ ਕਈ ਮਾਮਲਿਆਂ ਵਿਚ ਹੋਰ ਲੋਕਾਂ ਦੇ ਨਾਮਾਂ 'ਤੇ ਖਾਤੇ ਵਰਤੇ ਜਾਣ ਦਾ ਖੁਲਾਸਾ ਹੋਇਆ ਹੈ | ਐੱਸ.ਐੱਸ.ਪੀ. ਲਾਂਬਾ ਨੇ ਪੁਸ਼ਟੀ ਕੀਤੀ ਕਿਸੂਬਾ ਪੁਲਿਸ ਹੁਣ ਗੈਂਗਸਟਰਾਂ ਵਲੋਂ ਵਰਤੀ ਜਾ ਰਹੀ ਆਧੁਨਿਕ ਟੈਕਨਾਲੋਜੀ ਦਾ ਮੁਕਾਬਲਾ ਕਰਨ ਲਈ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੀ ਹੈ | 'ਗੈਂਗਸਟਰਾਂ ਤੇ ਵਾਰ ਅਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮਾਂ ਨੇ ਇਨ੍ਹਾਂ ਨੈੱਟਵਰਕਾਂ ਨੂੰ ਬੇਅਸਰ ਕਰਨ ਤੇ ਡਰੱਗ ਤਸਕਰੀ ਨੂੰ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ ਹੈ | ਇਸ ਤੋਂ ਇਲਾਵਾ ਡਰੋਨ, ਹਥਿਆਰ, ਮੋਟਰਸਾਈਕਲ ਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ ਹਨ |