ਤਰਨ ਤਾਰਨ, 15 ਮਈ (ਇਕਬਾਲ ਸਿੰਘ ਸੋਢੀ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ ਸੁਖਚੈਨ ਸਿੰਘ ਝਬਾਲ ਤੇ ਕਿਰਨਜੀਤ ਕੌਰ ਵਲਟੋਹਾ ਦੀ ਪ੍ਰਧਾਨਗੀ ਹੇਠ ਮਹਾਨ ਦੇਸ਼ ਭਗਤ ਅਰਜਨ ਸਿੰਘ ਗੜਗੱਜ ਭਵਨ ਤਰਨ ਤਾਰਨ ਵਿਖੇ ਸਰਗਰਮ ਪਾਰਟੀ ਮੈਂਬਰਾਂ ਦਾ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਬਤ ਮਾਰਕਸਵਾਦੀ ਨਜ਼ਰੀਏ ਤੋਂ ਸਿਧਾਂਤਕ ਕੈਂਪ ਲਾਇਆ ਗਿਆ | ਕੈਂਪ ਦਾ ਉਦਘਾਟਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਤਰਨ ਤਾਰਨ ਨੇ ਕਿਹਾ ਕਿ ਜਿਨਾਂ ਨੇ ਬਾਬੇ ਨਾਨਕ ਨੂੰ ਪੜਿ੍ਹਆ ਅਤੇ ਉਨ੍ਹਾਂ ਦੀ ਸਿੱਖਿਆ 'ਤੇ ਅਮਲ ਕੀਤਾ ਹੈ, ਉਹ ਹੀ ਅਸਲੀ ਸਿੱਖ ਹੋ ਸਕਦੇ ਹਨ | ਇਸੇ ਤਰ੍ਹਾਂ ਜਿੰਨਾਂ ਨੇ ਮਾਰਕਸ, ਏਾਗਲਜ ਤੇ ਲੈਨਿਨ ਨੂੰ ਪੜਿ੍ਹਆ ਤੇ ਉਸ 'ਤੇ ਅਮਲ ਕੀਤਾ ਹੈ ਅਸਲੀ ਕਮਿਊਨਿਸਟ ਵੀ ਉਹ ਹੀ ਹੋ ਸਕਦੇ ਹਨ | ਮਾਰਕਸਵਾਦ ਗਿਆਨ ਹੈ | ਗਿਆਨ ਅਥਾਹ ਅਤੇ ਅਮੁੱਕ ਹੁੰਦਾ ਜੋ ਕਦੀ ਵੀ ਪੂਰਾ ਨਹੀਂ ਲਿਆ ਜਾ ਸਕਦਾ | ਗਿਆਨ ਰੁਕਦਾ ਨਹੀਂ ਗਿਆਨ ਅਗਾਂਹ ਤੋਂ ਅਗਾਂਹ, ਨਵੇਂ ਤੋਂ ਨਵਾਂ ਆਉਂਦਾ ਹੀ ਰਹਿੰਦਾ ਹੈ | ਇਸੇ ਲਈ ਮਾਰਕਸਵਾਦ ਵੀ ਲਕੀਰ ਦਾ ਫਕੀਰ ਨਹੀਂ ਹੋ ਸਕਦਾ, ਇਸ ਵਿਚ ਵੀ ਨਵਾਂ ਲੋਕ ਪੱਖੀ ਗਿਆਨ ਜੁੜ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਉਨ੍ਹਾਂ ਵਲੋਂ ਪੈਦਾ ਕੀਤੀਆਂ ਸਮੱਸਿਆਵਾਂ ਦਾ ਸਦੀਵੀ ਹੱਲ ਆਪਣੀ ਭਾਵ ਕਮਿਊਨਿਸਟ ਸਰਕਾਰ ਕਾਇਮ ਕਰਕੇ ਹੀ ਕੱਢਿਆ ਜਾ ਸਕਦਾ ਹੈ | ਇਸ ਲਈ ਪਾਰਟੀ ਮੈਂਬਰ ਜੇ ਗਿਆਨ ਦੇ ਪੱਖ ਤੋਂ ਮਜ਼ਬੂਤ ਹੋਣਗੇ ਤੇ ਜਲਦੀ ਤੇ ਮਜ਼ਬੂਤੀ ਨਾਲ ਲੋਕਾਂ ਨੂੰ ਪਾਰਟੀ ਨਾਲ ਜੋੜਣਗੇ | ਮਜ਼ਬੂਤ ਪਾਰਟੀ ਹੀ ਇਨਕਲਾਬ ਕਰ ਸਕਦੀ ਜਾਂ ਚੋਣਾ ਰਾਹੀਂ ਸਰਕਾਰ ਬਣਾ ਸਕਦੀ ਹੈ | ਪੰਜਾਬ ਦੇ ਕਮਿਊਨਿਸਟ ਅਧਿਆਪਕ ਤੇ ਪਾਰਟੀ ਦੇ ਸੀਨੀਅਰ ਆਗੂ ਬੰਤ ਸਿੰਘ ਬਰਾੜ ਨੇ ਕਿਹਾ ਕਿ ਹਰਭਜਨ ਸਿੰਘ ਨੇ ਠੀਕ ਹੀ ਕਿਹਾ ਕਿ ਮਾਰਕਸਵਾਦ ਰੱਟਿਆ ਹੋਇਆ ਮੂਲ ਮੰਤਰ ਨਹੀਂ ਹੈ, ਇਸ ਵਿਚ ਹੋਰ ਚੰਗਾ ਗੁਣਕਾਰੀ ਭਾਵ ਲੋਕ ਪੱਖੀ ਵਾਧਾ ਕੀਤਾ ਜਾ ਸਕਦਾ ਹੈ | ਇਸ ਮੌਕੇ ਸੀ.ਪੀ.ਆਈ. ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਐਲਾਨ ਕੀਤਾ ਕਿ 29 ਮਈ ਨੂੰ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰ ਦੀ ਵਿਸ਼ਾਲ ਰੈਲੀ ਤੇ ਸ਼ਹਿਰ ਵਿਚ ਮਾਰਚ ਕੀਤਾ ਜਾਵੇਗਾ | ਇਸ ਮੌਕੇ ਪਿ੍ਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ, ਸੀ.ਪੀ.ਆਈ. ਤਰਨ ਤਾਰਨ ਜ਼ਿਲ੍ਹੇ ਦੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ, ਗੁਰਦਿਆਲ ਸਿੰਘ ਖਡੂਰ ਸਾਹਿਬ, ਸੀਨੀਅਰ ਕਮਿਊਨਿਸਟ ਆਗੂ ਤਾਰਾ ਸਿੰਘ ਖਹਿਰਾ, ਸੀ.ਪੀ.ਆਈ ਦੇ ਸੂਬਾ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ |