ਤਰਨ ਤਾਰਨ, 20 ਮਈ (ਇਕਬਾਲ ਸਿੰਘ ਸੋਢੀ)-ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਗਰੇਵਾਲ ਨੇ ਨਗਰ ਪਾਲਿਕਾ ਤਰਨ ਤਾਰਨ ਦੇ ਸਫ਼ਾਈ ਸੇਵਕ ਯੂਨੀਅਨ ਵਲੋਂ ਆਪਣੀਆਂ ਸੰਵਿਧਾਨਕ, ਹੱਕੀ ਅਤੇ ਜਾਇਜ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚਲੇ ਜਾਣ ਤੇ ਹੜਤਾਲੀ ਸਾਥੀਆਂ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਗਰਮੀਆਂ ਦੇ ਦਿਨਾਂ ਵਿਚ ਮੱਛਰ, ਮੱਖੀਆਂ ਕਾਰਨ ਬੁਖਾਰ, ਡੇਂਗੂ ਅਤੇ ਖਾਂਸੀ ਆਦਿ ਬੀਮਾਰੀਆਂ ਦੀ ਭਰਮਾਰ ਹੈ | ਨਗਰ ਪਾਲਿਕਾਂ ਦੇ ਸਫਾਈ ਸੇਵਕਾਂ ਦੀ ਹੜਤਾਲ ਨੂੰ ਅੱਜ 12 ਦਿਨ ਹੋ ਚੁੱਕੇ ਹਨ ਅਤੇ ਹੜਤਾਲ ਕਾਰਨ ਤਰਨ ਤਾਰਨ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਖਤਰਨਾਕ ਬੀਮਾਰੀਆਂ ਫੈਲਣ ਦਾ ਖਦਸਾ ਹੈ | ਇਸ ਗੰਦਗੀ ਕਾਰਨ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ 'ਤੇ ਜਿਆਦਾ ਬੀਮਾਰ ਹੋਣ ਦਾ ਖਤਰਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਡੀ ਐਸੋਸੀਏਸ਼ਨ ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਜਾਇਜ ਮੰਨਦਿਆਂ ਹੋਇਆ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਤੁਰੰਤ ਮੰਨੀਆਂ ਜਾਣ ਤਾਂ ਜੋ ਹੜਤਾਲ ਖਤਮ ਹੋ ਸਕੇ |