ਤਰਨ ਤਾਰਨ, 21 ਮਈ (ਹਰਿੰਦਰ ਸਿੰਘ)ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਜ਼ਮੀਨ ਦੀ ਵੰਡ ਨੂੰ ਲੈ ਕੇ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਸਰਹਾਲੀ ਵਿਖੇ ਸੁਖਦੇਵ ਸਿੰਘ ਪੁੱਤਰ ਭਾਨ ਸਿੰਘ ਵਾਸੀ ਢੋਟੀਆਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਹਰਭਜਨ ਸਿੰਘ ਪੁੱਤਰ ਅਜੀਤ ਸਿੰਘ, ਮੇਜਰ ਸਿੰਘ ਪੁੱਤਰ ਕਰਮ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ, ਮਨਜਿੰਦਰ ਕੌਰ ਪੁੱਤਰੀ ਹਰਭਜਨ ਸਿੰਘ, ਗੁਰਵਿੰਦਰ ਕੌਰ ਪੁੱਤਰੀ ਹਰਭਜਨ ਸਿੰਘ ਵਾਸੀਅਨ ਢੋਟੀਆਂ ਅਤੇ ਹਰਭਜਨ ਸਿੰਘ ਦਾ ਜਵਾਈ ਹਰਵਿੰਦਰ ਸਿੰਘ ਦੀ ਉਸ ਨਾਲ ਜ਼ਮੀਨ ਦੀ ਵੰਡ ਹੋ ਰਹੀ ਸੀ ਤਾਂ ਉਸ ਸਮੇਂ ਉਕਤ ਵਿਅਕਤੀਆਂ ਨੇ ਹਮਸਲਾਹ ਹੋ ਕੇ ਉਸ 'ਤੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪੇਟ ਵਿਚ ਚਾਕੂ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ | ਜਾਂਚ ਅਧਿਕਾਰੀ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |