ਖਾਲੜਾ, 21 ਮਈ (ਜੱਜਪਾਲ ਸਿੰਘ ਜੱਜ)-ਸਥਾਨਕ ਕਸਬੇ ਅੰਦਰ ਦੇਰ ਸ਼ਾਮੀ ਲੱਗੀ ਅੱਗ ਨਾਲ ਤਿੰਨ ਘਰ ਸੜ੍ਹ ਕੇ ਸੁਆਹ ਹੋ ਜਾਣ ਦੀ ਦੁਖਦਾਈ ਖਬਰ ਹੈ | ਵਰਨਣਯੋਗ ਹੈ ਕਿ ਇਹ ਘਰ ਪਿੰਡ ਖਾਲੜਾ ਦੀਆਂ ਭੀੜੀਆਂ ਗਲੀਆਂ ਵਿਚ ਹੋਣ ਕਾਰਨ ਇੱਥੇ ਫਾਇਰ ਬਿ੍ਗੇਡ ਨਹੀਂ ਪਹੁੰਚ ਸਕਦੀ ਸੀ, ਪਰ ਫਿਰ ਵੀ ਪਿੰਡ ਵਾਸੀਆਂ ਨੇ ਵੱਡੀ ਜਦੋ-ਜਹਿਦ ਕਰਦਿਆਂ ਅੱਗ ਤਾਂ ਬੁਝਾ ਲਈ, ਪਰ ਉਨੇ ਚਿਰ ਨੂੰ ਤਿੰਨਾਂ ਘਰਾਂ ਦਾ ਸਾਰਾ ਘਰੇਲੂ ਸਾਮਾਨ ਸੜ੍ਹ ਕੇ ਸੁਆਹ ਹੋ ਚੁੱਕਾ ਸੀ ਅਤੇ ਤਿੰਨਾਂ ਘਰਾਂ ਦੀ ਸਾਂਝੀ ਬਾਲਿਆਂ ਦੀ ਛੱਤ ਹੋਣ ਕਾਰਨ ਛੱਤ ਵੀ ਅੱਗ ਨਾਲ ਸੜ੍ਹ ਕੇ ਡਿੱਗ ਰਹੀ ਸੀ | ਕੁਲਵੰਤ ਕੌਰ ਵਿਧਵਾ ਮੇਜਰ ਸਿੰਘ ਵਾਸੀ ਪਿੰਡ ਖਾਲੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥੱਲੇ ਉਸ ਦੇ ਦੋ ਲੜਕਿਆਂ ਦੇ ਘਰ ਹਨ ਅਤੇ ਉਹ ਉੱਪਰ ਚੁਬਾਰੇ ਵਿਚ ਰਹਿੰਦੀ ਹੈ ਅਤੇ ਅੱਜ ਜਦੋਂ ਸ਼ਾਮੀ ਕਰੀਬ ਛੇ ਵਜੇ ਚਾਹ ਬਣਾ ਰਹੀ ਸੀ ਤਾਂ ਉਸ ਨੂੰ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਦੇ ਘਰ ਵਿਚੋਂ ਧੂੰਆਂ ਨਿਕਲਦਾ ਦਿਸਿਆ, ਜਿਸ 'ਤੇ ਉਸਨੇ ਅੱਗ ਬੁਝਾਉਣ ਲਈ ਰੌਲਾ ਪਾਇਆ ਤਾਂ ਗਵਾਂਢੀਆਂ ਨੇ ਇਕ ਜੁੱਟ ਹੋ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਅੱਗ ਏਨੀ ਭਿਆਨਕ ਸੀ ਕਿ ਉਸ ਨੇ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ, ਬਲਜੀਤ ਕੌਰ ਪਤਨੀ ਹਰਜੀਤ ਸਿੰਘ ਸਮੇਤ ਤਿੰਨਾਂ ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ | ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਨੇ ਦੱਸਿਆ ਕਿ ਉਹ ਦਾਣਾ ਮੰਡੀ ਖਾਲੜਾ ਵਿਚ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਅੱਜ ਜਦੋਂ ਘਰ ਵਿਚ ਅੱਗ ਲੱਗੀ ਉਹ ਉਸ ਵੇਲੇ ਵੀ ਮੰਡੀ ਵਿਚ ਸਨ ਅਤੇ ਜਦੋਂ ਉਨ੍ਹਾਂ ਨੇ ਘਰ ਆ ਕੇ ਵੇਖਿਆ ਤਾਂ ਅੰਦਰ ਪਈ ਅਲਮਾਰੀ, ਬੈਡ, ਕੱਪੜੇ, ਕਣਕ ਅਤੇ ਹੋਰ ਘਰੇਲੂ ਸਾਰਾ ਸਾਮਾਨ ਅਤੇ ਅੰਦਰ ਪਈ ਕਰੀਬ 30 ਹਜ਼ਾਰ ਰੁਪਏ ਨਕਦੀ ਸੜ੍ਹ ਕੇ ਸੁਆਹ ਹੋ ਚੁੱਕੀ ਸੀ | ਬਲਜੀਤ ਕੌਰ ਵਿਧਵਾ ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਘਰ ਕੁਲਦੀਪ ਸਿੰਘ ਨਾਲ ਸਾਂਝਾ ਹੋਣ ਕਰਕੇ ਅਤੇ ਛੱਤ ਬਾਲਿਆਂ ਦੀ ਹੋਣ ਕਰਕੇ ਅੱਗ ਨੇ ਉਸ ਦੇ ਘਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਅਤੇ ਜਿਸ ਨਾਲ ਉਸ ਦੇ ਅੰਦਰ ਲੱਗੀਆਂ ਦੋ ਐਲ.ਸੀ.ਡੀ., ਫਰਿੱਜ਼, ਅਲਮਾਰੀ, ਇਨਵਰਟਰ ਅਤੇ ਨਗਦੀ ਸੜ੍ਹ ਕੇ ਸੁਆਹ ਹੋ ਗਈ | ਇੱਥੇ ਇਹ ਵਰਨਣ ਯੋਗ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਤਿੰਨਾਂ ਘਰਾਂ ਦੇ ਘਰੇਲੂ ਸਾਮਾਨ ਨੂੰ ਸਾੜ ਕੇ ਸੁਆਹ ਕਰ ਦਿੱਤਾ | ਉਕਤ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਕੋਲੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਅਤੇ ਘਰੇਲੂ ਸਾਮਾਨ ਲਈ ਉਨ੍ਹਾਂ ਦੀ ਇਮਦਾਦ ਕੀਤੀ ਜਾਵੇ |