ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕੌਮ ਨੰੂ ਇਕ ਬੇਹੱਦ ਅਹਿਮ ਅਤੇ ਜ਼ਮੀਨੀ ਹਕੀਕਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਨਾਂਅ 'ਤੇ ਜਿਸ ਤਰੀਕੇ ਨਾਲ ਸਿਆਸੀ ਅਤੇ ਧਾਰਮਿਕ ਸਫ਼ਬੰਦੀ ਕੀਤੀ ਜਾ ਰਹੀ ਹੈ, ਉਹ ਸਿੱਖ ਕੌਮ ਦੇ ਅੰਦਰੂਨੀ ਵਾਕਫ਼ੇ ਤੇ ਏਕਤਾ ਵਿਚ ਇਕ ਬਹੁਤ ਵੱਡੀ ਦਰਾਰ ਪੈਦਾ ਕਰ ਰਹੀ ਹੈ | ਪੀਰ ਮੁਹੰਮਦ ਨੇ ਕਿਹਾ ਕਿ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਲਾਮਬੰਦੀ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਪੰਥਕ ਜਥੇਬੰਦੀਆਂ ਦੇ ਵੱਖ-ਵੱਖ ਧੜੇ ਅਤੇ ਪੰਜਾਬ ਸਰਕਾਰ ਖੜ੍ਹੀ ਨਜ਼ਰ ਆ ਰਹੀ ਹੈ | ਉਨ੍ਹਾਂ ਸਖ਼ਤ ਲਹਿਜੇ ਵਿਚ ਆਖਿਆ ਕਿ ਸਤਿਕਾਰ ਅਤੇ ਮਰਿਆਦਾ ਦੇ ਨਾਂਅ 'ਤੇ ਸ਼ੁਰੂ ਹੋਈ ਇਹ 'ਖਾਨਾਜੰਗੀ' ਤੁਰੰਤ ਬੰਦ ਹੋਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਕਾਨੂੰਨ ਦੀ ਪੁਨਰ-ਪੜਤਾਲ ਲਈ ਤੁਰੰਤ ਇਕ 'ਸਾਂਝੀ ਕਮੇਟੀ' ਬਣਾਈ ਜਾਵੇ, ਜਿਸ ਵਿਚ ਸਿੱਖ ਕਾਨੂੰਨਦਾਨ, ਵਿਦਵਾਨ ਅਤੇ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁੰਮਾਇੰਦੇ ਸ਼ਾਮਿਲ ਹੋਣ, ਜੋ ਪੂਰੇ ਕਾਨੂੰਨ ਦੀ ਚੰਗੀ ਤਰ੍ਹਾਂ ਸਮੀਖਿਆ ਕਰਕੇ ਰਿਪੋਰਟ ਜਾਰੀ ਕਰੇ ਅਤੇ ਉਸ ਤੋਂ ਬਾਅਦ ਹੀ ਕੋਈ ਸਾਂਝਾ ਫੈਸਲਾ ਲਿਆ ਜਾਵੇ | ਉਨ੍ਹਾਂ ਕਿਹਾ ਕਿ ਸਿਰਫ਼ ਕਾਨੂੰਨਾਂ ਦੀ ਸਿਆਸਤ ਕਰਨ ਨਾਲ ਗੁਰੂ ਸਾਹਿਬ ਦਾ ਸਤਿਕਾਰ ਬਹਾਲ ਨਹੀਂ ਹੋਣਾ, ਬਲਕਿ ਸਾਨੂੰ ਜ਼ਮੀਨੀ ਪੱਧਰ 'ਤੇ ਪ੍ਰਬੰਧ ਸੁਧਾਰਨੇ ਪੈਣਗੇ | ਉਨ੍ਹਾਂ ਮੰਗ ਕੀਤੀ ਕਿ ਪੂਰੇ ਪੰਜਾਬ ਅਤੇ ਦੇਸ਼ ਦੇ ਕੋਨੇ-ਕੋਨੇ ਅੰਦਰ, ਜਿੱਥੇ-ਜਿੱਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹਨ ਜਾਂ ਸੁਖਆਸਨ ਅਸਥਾਨ ਬਣੇ ਹੋਏ ਹਨ, ਉਨ੍ਹਾਂ ਸਾਰੇ ਸਥਾਨਾਂ ਦੀ ਵਿਸ਼ੇਸ਼ ਜਾਂਚ-ਪੜਤਾਲ ਕਰਵਾਈ ਜਾਵੇ | ਇਸ ਪੜਤਾਲ ਰਾਹੀਂ ਇਹ ਪਤਾ ਲਗਾਇਆ ਜਾਵੇ ਕਿ ਕੀ ਉੱਥੇ ਸਥਾਨਕ ਪੱਧਰ 'ਤੇ ਪਹਿਰੇਦਾਰ ਕਮੇਟੀਆਂ ਗਠਿਤ ਕੀਤੀਆਂ ਜਾ ਚੁੱਕੀਆਂ ਹਨ, ਕੀ ਸੁਰੱਖਿਆ ਲਈ ਤੀਜੀ ਅੱਖ ਯਾਨੀ ਗੁਪਤ ਚੱਲਦੇ ਕੈਮਰੇ ਲਗਾਏ ਗਏ ਹਨ ਅਤੇ ਕੀ ਗੁਰੂ ਸਾਹਿਬ ਦੀ ਸੁਰੱਖਿਆ ਅਤੇ ਸੇਵਾ-ਸੰਭਾਲ ਦੇ ਪੁਖ਼ਤਾ ਪ੍ਰਬੰਧ ਮੌਜੂਦ ਹਨ ਜਾਂ ਨਹੀਂ | ਪੀਰ ਮੁਹੰਮਦ ਨੇ ਬੜੇ ਦੁਖੀ ਹਿਰਦੇ ਨਾਲ ਇਤਿਹਾਸਕ ਸੱਚਾਈ ਬਿਆਨ ਕਰਦਿਆਂ ਕਿਹਾ ਕਿ ਹੁਣ ਤੱਕ ਜਿੱਥੇ-ਜਿੱਥੇ ਵੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ, ਉੱਥੇ ਹਮੇਸ਼ਾਂ ਇੱਕੋ ਗੱਲ ਸਾਹਮਣੇ ਆਈ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਵਾਲੇ ਅਸਥਾਨ ਬਿਲਕੁਲ ਸੁੰਨੇ ਨਜ਼ਰ ਆਏ ਸਨ ਅਤੇ ਉੱਥੇ ਮੌਕੇ 'ਤੇ ਕੋਈ ਸੇਵਾਦਾਰ ਜਾਂ ਪਹਿਰੇਦਾਰ ਮੌਜੂਦ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਨਾਕਾਮੀ ਇਹ ਹੈ ਕਿ ਜਦੋਂ ਕੋਈ ਦੁਖਦਾਈ ਘਟਨਾ ਵਾਪਰ ਜਾਂਦੀ ਹੈ, ਤਾਂ ਸਾਰੀਆਂ ਧਿਰਾਂ ਅਤੇ ਆਗੂ ਆਪਣੇ-ਆਪਣੇ ਪ੍ਰਤੀਕਰਮ ਅਤੇ ਬਿਆਨਬਾਜ਼ੀ ਦੇਣ ਲਈ ਅੱਗੇ ਆ ਜਾਂਦੇ ਹਨ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਅਤੇ ਕੌਮ ਦਾ ਹਿਰਦਾ ਵਲੂੰਧਰਿਆ ਜਾ ਚੁੱਕਾ ਹੁੰਦਾ ਹੈ | ਇਸ ਲਈ ਘਟਨਾਵਾਂ ਤੋਂ ਬਾਅਦ ਸਿਆਸੀ ਰੋਟੀਆਂ ਸੇਕਣ ਦੀ ਬਜਾਇ, ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਹੀ ਸਭ ਤੋਂ ਜ਼ਿਆਦਾ ਧਿਆਨ ਸੁਰੱਖਿਆ ਪ੍ਰਬੰਧਾਂ ਵੱਲ ਦੇਣ ਦੀ ਲੋੜ ਹੈ | ਉਨ੍ਹਾਂ ਨੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਮੂਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪਿੰਡ-ਪਿੰਡ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਬਹਿਸਾਂ ਵਿਚ ਉਲਝਣ ਦੀ ਬਜਾਇ ਆਪਣੇ ਇਲਾਕੇ ਦੇ ਗੁਰੂ ਘਰਾਂ ਵਿਚ ਚੌਵੀ ਘੰਟੇ ਪਹਿਰੇਦਾਰੀ ਅਤੇ ਆਧੁਨਿਕ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ |