ਬਿਆਸ, 24 ਮਈ (ਨਰਿੰਦਰ ਸਿੰਘ)-ਤੇਲ ਦੀਆਂ ਵੱਧ ਰਹੀਆਂ ਲਗਾਤਾਰ ਕੀਮਤਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਬੀ. ਸੀ. ਵਿੰਗ ਦੇ ਪ੍ਰਧਾਨ ਸੰਦੀਪ ਸਿੰਘ ਵਿਰਦੀ ਅਤੇ ਵਰਕਰਾਂ ਨੇ ਜੰਮ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਰੋਸ ਪ੍ਰਦਰਸ਼ਨ ਉਪਰੰਤ ਮੀਟਿੰਗ ਦੌਰਾਨ ਗੱਲਬਾਤ ਰਾਹੀਂ ਵਿਰਦੀ ਨੇ ਦੱਸਿਆ ਕਿ ਇਹ ਦਿਨੋਂ ਦਿਨ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨਾਲ ਆਮ ਜਨਤਾ ਅਤੇ ਪਰਿਵਾਰਾਂ ਦਾ ਲੱਕ ਟੁੱਟ ਰਿਹਾ ਹੈ | ਢੋਆ ਢੁਆਈ ਮਹਿੰਗੀ ਹੋਣ ਨਾਲ, ਆਮ ਪਰਿਵਾਰ ਨੂੰ ਮਾਰ ਝੱਲਣੀ ਪੈ ਰਹੀ ਹੈ | ਦਿਨੋਂ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ | ਘਰ ਦੀ ਰਸੋਈ ਦੀ ਵਰਤੋਂ ਵਾਲੀ ਹਰ ਚੀਜ਼ 'ਤੇ ਮਹਿੰਗਾਈ ਦਾ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ | ਜੇਕਰ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਨਾਲ ਵਧਦੀਆਂ ਰਹੀਆਂ ਤਾਂ ਕੇਂਦਰ ਸਰਕਾਰ ਦੇ ਖ਼ਿਲਾਫ਼ ਆਉਣ ਵਾਲੇ ਸਮੇਂ 'ਚ ਮੁਹਿੰਮ ਵਿੱਢੀ ਜਾਵੇਗੀ ਅਤੇ ਤਿੱਖਾ ਵਿਰੋਧ ਪ੍ਰਦਰਸ਼ਨ ਹੋਵੇਗਾ | ਕੇਂਦਰ ਸਰਕਾਰ ਜਲਦ ਆਪਣਾ ਇਹ ਫੈਸਲਾ ਵਾਪਸ ਲਵੇ ਤਾਂ ਜੋ ਆਮ ਪਰਿਵਾਰਾਂ ਨੂੰ ਮਹਿੰਗਾਈ ਦੀ ਮਾਰ ਹੇਠੋਂ ਬਾਹਰ ਲਿਆਂਦਾ ਜਾਵੇ |