ਤਰਨ ਤਾਰਨ, 28 ਮਈ (ਹਰਿੰਦਰ ਸਿੰਘ)-ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੂਰੇ ਪੰਜਾਬ ਦੇ 2004 ਤੋਂ ਬਾਅਦ ਭਰਤੀ ਐੱਨ.ਪੀ.ਐੱਸ. ਕਰਮਚਾਰੀਆਂ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਤਿੰਨ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀ.ਪੀ.ਅੱੈਫ. ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਜਰਨੈਲ ਸਿੰਘ ਪੱਟੀ, ਬਲਜੀਤ ਸਿੰਘ ਟੌਮ, ਕੁਲਵਿੰਦਰ ਸਿੰਘ, ਪ੍ਰਭਜੋਤ ਸਿੰਘ ਗੋਹਲਵੜ, ਸਰਬਜੀਤ ਸਿੰਘ ਨੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੇ ਬੈਨਰ ਹੇਠ ਸਰਕਾਰ ਵਿਰੁੱਧ ਮੱਝ ਅੱਗੇ ਬੀਨ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਚੋਣ ਵਾਅਦੇ ਤੋਂ ਭੱਜ ਗਈ ਹੈ ਤੇ ਚਾਰ ਸਾਲ ਬੀਤ ਜਾਣ ਬਾਅਦ ਵੀ ਆਪਣਾ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ 18 ਨਵੰਬਰ 2022 ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ | ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਰੋਸ ਵਜੋਂ ਮੰਚ ਨੇ ਫੈਸਲੇ ਅਨੁਸਾਰ ਮਿਤੀ 28 ਮਈ ਨੂੰ ਮੁੱਖ ਮੰਤਰੀ ਦੇ ਪੋਸਟਰ ਅੱਗੇ ਬੀਨ ਵਜਾ ਕੇ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਤਰਨ ਤਾਰਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਹੁਣ ਮੁਲਾਜ਼ਮ ਮੰਗਾਂ ਨੂੰ ਅਣਗੋਲਿਆਂ ਤੇ ਲਗਾਤਾਰ ਅਣਡਿੱਠ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ 4 ਜੁਲਾਈ ਨੂੰ ਮੋਗਾ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ ਤੇ ਇਸ ਕਨਵੈਨਸ਼ਨ ਵਿਚ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੰੂ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਕੁਰਸੀਆਂ ਵੀ ਲਗਾਈਆਂ ਜਾਣਗੀਆਂ ਤਾਂਕਿ ਉਹ ਮੁਲਾਜ਼ਮਾਂ ਦੇ ਭਖਦੇ ਮਸਲਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨ ਜੇਕਰ ਮੁੱਖ ਮੰਤਰੀ ਇਸ ਕਨਵੈਨਸ਼ਨ ਵਿਚ ਨਾ ਆਏ ਤਾਂ 23 ਅਗਸਤ ਨੂੰ ਪਿੰਡ ਸਤੌਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵਲੋਂ ਮਹਾਂ ਰੈਲੀ ਕੀਤੀ ਜਾਵੇਗੀ, ਜਿਸ ਸੰਬੰਧੀ ਕਰਮਚਾਰੀਆਂ ਨੇ ਆਪਣੀਆਂ ਬਲਾਕ ਪੱਧਰੀ ਤੋਂ ਤਿਆਰੀਆਂ ਵਿੱਢ ਦਿੱਤੀਆਂ ਹਨ | ਇਸ ਮੌਕੇ ਸੁਖਦੇਵ ਰਾਜ ਪੱਟੀ, ਜੋਗਾ ਸਿੰਘ, ਅੰਮਿ੍ਤਪਾਲ ਸਿੰਘ ਬਾਕੀਪੁਰ, ਕੁਲਵਿੰਦਰਜੀਤ ਸਿੰਘ, ਮਨਜਿੰਦਰ ਸਿੰਘ ,ਰਜੇਸ਼ ਸ਼ਰਮਾ, ਸਤਨਾਮ ਸਿੰਘ ਸਿੱਧੂ, ਬਲਵਿੰਦਰ ਸਿੰਘ ਸੀ.ਐਚ.ਸੀ. ਨੌਸ਼ਹਿਰਾ ਪੰਨੂੰਆਂ, ਇੰਦਰ ਬਲਰਾਜ ਕੌਰ, ਸੁਖਵਿੰਦਰ ਕੌਰ, ਕਿਰਨਪ੍ਰੀਤ ਕੌਰ ਜੌੜਾ, ਮਨਜੀਤ ਸਿੰਘ, ਚਰਨਜੀਤ ਸਿੰਘ ਧੂੰਦਾ, ਗੁਰਸੇਵਕ ਸਿੰਘ, ਕਵਰਦੀਪ ਸਿੰਘ ਢਿੱਲੋਂ, ਰਾਜਬੀਰ ਕੌਰ, ਗੁਰਸਾਬ ਸਿੰਘ, ਯਾਦਵਿੰਦਰ ਸਿੰਘ ਅਰੁਣ ਸ਼ਰਮਾ, ਸੁਪਰਡੈਂਟ ਰਘਬੀਰ ਸਿੰਘ, ਮਸੀਹ, ਜਗਰੂਪ ਸਿੰਘ, ਡਾ. ਇੰਦਰਪ੍ਰੀਤ ਸਿੰਘ ਧਾਮੀ, ਗੁਲਬਾਗ ਸਿੰਘ, ਕਾਰਜ ਸਿੰਘ, ਗੁਰਵਿੰਦਰ ਪਾਲ ਸਿੰਘ, ਬਰਜਿੰਦਰ ਸਿੰਘ, ਜਤਿੰਦਰ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ |
ਪੰਜਾਬ ਸਰਕਾਰ ਨੂੰ ਐੱਨ. ਪੀ. ਐੱਸ. ਮੁਲਾਜ਼ਮਾਂ ਨੇ ਬੀਨ ਵਜਾ ਕੇ ਜਗਾਇਆ
ਅਜੀਤ ਡੈਸਕ
29-05-2026