ਤਰਨ ਤਾਰਨ, 11 ਜੂਨ (ਇਕਬਾਲ ਸਿੰਘ ਸੋਢੀ)-ਸੰਘ ਪਰਿਵਾਰ ਦੇ ਫਿਰਕੂ-ਫਾਸ਼ੀ ਏਜੰਡੇ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਮ ਲੋਕਾਂ, ਖਾਸ ਕਰਕੇ ਕਿਰਤੀ ਵਸੋਂ ਦੀ ਰੋਜ਼ੀ-ਰੋਟੀ 'ਤੇ ਕੀਤੇ ਜਾ ਰਹੇ ਮਾਰੂ ਹੱਲਿਆਂ ਵਿਰੁੱਧ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ 22 ਜੂਨ ਨੂੰ ਪੰਜਾਬ ਭਰ 'ਚ ਜਨਤਕ ਇਕੱਠਾ ਰੋਸ ਮੁਜਾਹਰਿਆਂ ਵਿਚ ਆਰ.ਐਮ.ਪੀ.ਆਈ. ਵਲੋਂ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ ਜਾਵੇਗੀ | ਇਹ ਜਾਣਕਾਰੀ ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ ਨੇ ਦਿੱਤੀ | ਇਨ੍ਹਾਂ ਆਗੂਆਂ ਨੇ ਮੋਦੀ ਸਰਕਾਰ ਰਾਹੀਂ ਦੇਸ਼ ਦੀ ਕੇਂਦਰੀ ਸੱਤਾ 'ਤੇ ਕਾਬਜ਼ ਰਾਸ਼ਟਰੀ ਸੋਇਮ ਸੇਵਕ ਸੰਘ ਵਲੋਂ ਫਿਰਕੂ ਤੇ ਜਾਤੀਵਾਦੀ ਵੰਡ ਤਿੱਖੀ ਕਰਨ ਲਈ ਦੇਸ਼ ਭਰ 'ਚ ਮੁਸਲਮਾਨ ਤੇ ਈਸਾਈ ਘੱਟ ਗਿਣਤੀ ਵਸੋਂ ਅਤੇ ਦਲਿਤਾਂ ਦੇ ਕੀਤੇ ਜਾ ਰਹੇ ਘਿਨੌਣੇ ਕਤਲਾਂ, ਇਨ੍ਹਾਂ ਖਿਲਾਫ ਕੀਤੇ ਜਾ ਰਹੇ ਵਿਉਂਤਬੱਧ ਨਫਰਤੀ ਕੂੜ ਪ੍ਰਚਾਰ ਅਤੇ ਸਮਾਜਿਕ ਜਬਰ ਤੇ ਵਿਤਕਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਨੂੰਵਾਦੀ ਸ਼ਾਸ਼ਨ ਪੱਧਤੀ ਲਾਗੂ ਕਰਨ ਲਈ ਸੰਘ ਪਰਿਵਾਰ ਦੇ ਗੁਰਗੇ ਔਰਤਾਂ ਖ਼ਿਲਾਫ਼ ਦੇਸ਼ ਭਰ 'ਚ ਹੌਲਨਾਕ ਜ਼ੁਲਮ ਕਮਾ ਰਹੇ ਹਨ | ਜਾਮਾਰਾਏ ਅਤੇ ਪੰਡੋਰੀ ਨੇ ਕਿਹਾ ਕਿ ਸੰਘ-ਭਾਜਪਾ ਅਤੇ ਮੋਦੀ ਸਰਕਾਰ ਸਭਨਾਂ ਦੇ ਸਾਂਝੇ ਉਦਾਰ ਭਾਰਤ ਨੂੰ ਧਰਮ ਅਧਾਰਤ, ਕੱਟੜ-ਪਿਛਾਖੜੀ, ਗੈਰ ਲੋਕਰਾਜੀ ਰਾਸ਼ਟਰ 'ਚ ਤਬਦੀਲ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਤੇ ਭਾਜਪਾ ਦੀਆਂ ਪੰਜਾਬ ਦੀ ਸੱਤਾ 'ਤੇ ਕਬਜ਼ਾ ਜਮਾਉਣ ਦੀਆਂ ਕੁਚਾਲਾਂ ਨੂੰ ਭਾਂਜ ਦੇਣ ਲਈ ਸਿਆਸੀ ਤੇ ਜਨਤਕ ਘੋਲ ਹੋਰ ਪ੍ਰਚੰਡ ਕੀਤੇ ਜਾਣਗੇ |