ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)-ਕੇ.ਐੱਮ.ਐੱਮ. ਦੇ ਸੱਦੇ ਉਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਬੁੱਧਵਾਰ ਨੂੰ ਸਾਰੇ ਪੰਜਾਬ ਵਿਚ ਅਮਰੀਕਾ ਅਤੇ ਭਾਰਤ ਵਿਚਕਾਰ ਹੋਣ ਵਾਲੇ ਵਪਾਰ ਸਮਝੌਤੇ ਦੇ ਵਿਰੁੱਧ ਵਿਚ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪੁਤਲੇ ਫੂਕੇ ਗਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਵਲੋਂ ਵੀ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ੍ਹ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਤਰਨ ਤਾਰਨ ਦੇ ਅੱਗੇ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਟਰੰਪ ਅਤੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਗਏ l ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਜੋ ਵਪਾਰ ਸਮਝੌਤੇ ਹੋਣ ਜਾ ਰਹੇ ਹਨ, ਇਹ ਭਾਰਤ ਦੇ ਕਿਸਾਨਾਂ ਵਾਸਤੇ ਬਹੁਤ ਘਾਤਿਕ ਸਾਬਿਤ ਹੋਣਗੇ। ਜੇ ਇਹ ਵਪਾਰ ਸਮਝੌਤੇ ਸਿਰੇ ਚੜ ਗਏ ਤਾਂ ਘਟੀਆ ਕਿਸਮ ਦੇ ਖਾਣ ਵਾਲੇ ਪਦਾਰਥ ਭਾਰਤ ਵਿਚ ਆਉਣਗੇ ਅਤੇ ਇਸ ਨਾਲ ਇਕ ਤੇ ਭਾਰਤ ਦੇ ਲੋਕਾਂ ਨੂੰ ਬਿਮਾਰੀਆਂ ਨਾਲ ਲੜਨਾ ਪਵੇਗਾ ਅਤੇ ਦੂਸਰਾ ਭਾਰਤ ਦੇਸ਼ ਦੇ ਵਪਾਰੀ ਕਿਸਾਨ ਅਤੇ ਛੋਟੇ ਦੁਕਾਨਦਾਰ ਪਹਿਲਾਂ ਹੀ ਜੋ ਗਰੀਬੀ ਦੀ ਮਾਰ ਹੇਠ ਹਨ ਅਤੇ ਹੋਰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਭਾਰਤ ਅਤੇ ਅਮਰੀਕਾ ਵਿਚ ਜੋ ਗੱਲਬਾਤ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਅਮਰੀਕਾ ਦੇ ਵਪਾਰ ਨੁੰਮਾਇੰਦੇ ਜੈਮੀਸਨ ਗਰੀਰ ਦਰਮਿਆਨ ਹੋ ਰਹੀ ਹੈ। ਇਸ ਤੋਂ ਲੱਗਦਾ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਨਾਲ ਵਪਾਰ ਸਮਝੌਤੇ ਕਰਨ ਵਾਸਤੇ ਜ਼ਿਆਦਾ ਹੀ ਕਾਹਲੀ ਵਿਚ ਹੈ। ਕਿਸਾਨ ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਟਰੰਪ ਦੇ ਦਬਾਅ ਹੇਠ ਕਿਸੇ ਵੀ ਅਜਿਹੇ ਸਮਝੌਤੇ ਉੱਪਰ ਦਸਤਖਤ ਨਹੀਂ ਕਰਨੇ ਚਾਹੀਦੇ, ਜਿਸ ਨਾਲ ਆਉਣ ਵਾਲਾ ਸਮਾਂ ਭਾਰਤੀਆਂ ਵਾਸਤੇ ਖਤਰਨਾਕ ਸਾਬਿਤ ਹੋਵੇ । ਰਾਜੇ ਹਮੇਸ਼ਾਂ ਹੀ ਆਪਣੇ ਦੇਸ਼ ਦੀ ਪਰਜਾ ਲਈ ਭਲਾਈ ਦਾ ਕੰਮ ਕਰਦੇ ਹਨ, ਪਰ ਭਾਰਤ ਦਾ ਪ੍ਰਧਾਨ ਮੰਤਰੀ ਗ਼ਰੀਬ ਮਾਰੂ ਪ੍ਰਧਾਨ ਮੰਤਰੀ ਹੈ, ਜਿਸ ਨੇ ਹਮੇਸ਼ਾਂ ਹੀ ਕਾਰਪੋਰੇਟ ਘਰਾਣਿਆਂ ਅਤੇ ਆਪਣੇ ਅਮੀਰ ਦੋਸਤਾਂ ਬਾਰੇ ਹੀ ਸੋਚਿਆ ਹੈ। ਜੇ ਇਹ ਸਮਝੌਤੇ ਸਿਰੇ ਚੜਦੇ ਹਨ ਤਾਂ ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅਮਰੀਕੀ ਲੋਕਾਂ ਨੂੰ ਭਾਰਤ ਵਿਚ ਨਹੀਂ ਵੜਨ ਦਿੱਤਾ ਜਾਵੇਗਾ । ਇਸ ਪੁਤਲਾ ਫੂਕ ਅਤੇ ਰੋਸ ਮੁਜਾਹਰੇ ਵਿਚ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਟਾਂਡਾ ਵਲੋਂ ਵੀ ਜ਼ੋਨ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ ਵਿਚ ਵੱਡਾ ਜਥਾ ਸ਼ਾਮਿਲ ਹੋਇਆ। ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ੍ਹ, ਜਰਨੈਲ ਸਿੰਘ ਨੂਰਦੀ, ਦਿਆਲ ਸਿੰਘ ਮੀਆਂਵਿੰਡ, ਕੁਲਵੰਤ ਸਿੰਘ ਭੈਲ, ਜੋਗਿੰਦਰ ਸਿੰਘ ਗੋਇੰਦਵਾਲ ਸਾਹਿਬ, ਇਕਬਾਲ ਸਿੰਘ, ਹਰਬਿੰਦਰਜੀਤ ਸਿੰਘ ਕੰਗ, ਦਲਜੀਤ ਸਿੰਘ ਕੈਰੋਂ, ਕੁਲਵਿੰਦਰ ਸਿੰਘ ਵਾਂ, ਗਿਆਨ ਸਿੰਘ ਚੋਹਲਾ ਖੁਰਦ, ਮਨਜਿੰਦਰ ਸਿੰਘ ਗੋਹਲਵੜ੍ਹ, ਹਰਪ੍ਰੀਤ ਸਿੰਘ ਭੁੱਚਰ, ਦਿਲਬੀਰ ਸਿੰਘ ਭੂਰਾ ਕੋਹਨਾ, ਜਵਾਹਰ ਸਿੰਘ ਟਾਂਡਾ, ਸੁਖਵਿੰਦਰ ਸਿੰਘ ਦੁੱਗਲਵਾਲਾ, ਸਲਵਿੰਦਰ ਸਿੰਘ ਜੀਓਬਾਲਾ, ਬਲਜੀਤ ਸਿੰਘ ਝਬਾਲ, ਨਿਸ਼ਾਨ ਸਿੰਘ ਮਾੜੀ ਮੇਘਾ, ਸੁਖਚੈਨ ਸਿੰਘ ਅੱਲੋਵਾਲ, ਬਲਜਿੰਦਰ ਸਿੰਘ ਆਲਮਪੁਰ ,ਪਰਮਜੀਤ ਸਿੰਘ ਬਾਠ, ਪਾਖਰ ਸਿੰਘ ਲਾਲਪੁਰ ਆਦਿ ਕਿਸਾਨ ਆਗੂ ਹਾਜ਼ਰ ਸਨ।