ਪੱਟੀ, 29 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਅਹਿਮ ਯੋਗਦਾਨ ਪਾ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵਲੋਂ ਆਪਣੇ ਸੇਵਾ ਕਾਰਜਾਂ ਨੂੰ ਹੋਰ ਵਿਸਥਾਰ ਦਿੰਦਿਆਂ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੱਟੀ ਵਿਖੇ ਮੋਦੀਖਾਨੇ ਦੇ ਸਾਹਮਣੇ ਸੁਸਾਇਟੀ ਵਲੋਂ ਖਰੀਦੇ ਗਏ ਨਵੇਂ ਪਲਾਟ ਵਿਚ ਸਮਾਜ ਭਲਾਈ ਦੇ ਕਾਰਜਾਂ ਲਈ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਨੀਂਹ ਪੱਥਰ ਰੱਖਣ ਦੀ ਰਸਮ ਦੇਵਾਂਸ ਸੂਦ ਵਲੋਂ ਆਪਣੇ ਕਰ-ਕਮਲਾਂ ਨਾਲ ਅਦਾ ਕੀਤੀ ਗਈ। ਇਸ ਮੌਕੇ ਹਾਜ਼ਰ ਸੁਸਾਇਟੀ ਮੈਂਬਰਾਂ ਨੇ ਇਸ ਉਪਰਾਲੇ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਕਦਮ ਕਰਾਰ ਦਿੱਤਾ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਨਿਰਸਵਾਰਥ ਭਾਵਨਾ ਨਾਲ ਸਮਾਜ ਭਲਾਈ ਦੇ ਅਨੇਕਾਂ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਪੱਟੀ ਵਿਖੇ ਮੋਦੀਖਾਨਾ ਸੈਂਟਰ ਪਹਿਲਾਂ ਹੀ ਚੱਲ ਰਿਹਾ ਹੈ, ਜਿੱਥੇ ਅਣਗਿਣਤ ਲੋਕ ਭਲਾਈ ਦੀਆਂ ਸੇਵਾਵਾਂ ਨਿਰੰਤਰ ਦਿੱਤੀਆਂ ਜਾ ਰਹੀਆਂ ਹਨ। ਵੱਧ ਰਹੀਆਂ ਸੇਵਾਵਾਂ ਅਤੇ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਮਜ਼ਬੂਤੀ ਅਤੇ ਵਿਸਥਾਰ ਮਿਲੇਗਾ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮਕਸਦ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਨੁੱਖਤਾ ਦੀ ਭਲਾਈ ਲਈ ਵੱਖ-ਵੱਖ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਪ੍ਰਿੰਸ ਧੁੰਨਾ, ਡਾ. ਇੰਦਰਪ੍ਰੀਤ ਸਿੰਘ ਧਾਮੀ, ਵਿਸ਼ਾਲ ਸੂਦ, ਅਮਨੀਸ਼ ਬੱਤਰਾ ਸਮੇਤ ਸੁਸਾਇਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੋਜੂਦ ਸਨ।