ਮਜੀਠਾ, 29 ਜੂਨ (ਜਗਤਾਰ ਸਿੰਘ ਸਹਿਮੀ)-ਪ੍ਰਸਿੱਧ ਪ੍ਰਚਾਰਕ ਭਾਈ ਜਗਦੀਸ਼ ਸਿੰਘ ਵਡਾਲਾ ਤੇ ਸਮਾਜਿਕ-ਧਾਰਮਿਕ ਸੰਸਥਾ ਸ੍ਰੀ ਗੁਰੂ ਰਾਮਦਾਸ ਸੇਵਾ ਮਿਸ਼ਨ ਵਡਾਲਾ ਵੀਰਮ ਵਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ, ਗੁਰਦੁਆਰਾ ਸਿੰਘ ਸਭਾ ਵਡਾਲਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਫਲਤਾ ਪੂਰਵਕ ਲਗਾਇਆ। ਕੈਂਪ ਵਿਚ ਸਿੱਖ ਪ੍ਰਚਾਰਕ ਗਿਆਨੀ ਮਨਦੀਪ ਸਿੰਘ ਝੰਡੇਰ ਨੇ ਪਿੰਡ ਵਡਾਲਾ ਵੀਰਮ ਦੇ ਲਗਪਗ 35 ਬੱਚਿਆਂ ਨੂੰ ਸ਼ੁੱਧ ਗੁਰਬਾਣੀ ਉਚਾਰਨ, ਸਿੱਖ ਰਹਿਤ ਮਰਿਆਦਾ ਤੇ ਸ਼ਾਨਾਮੱਤੇ ਸਿੱਖ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰੋਜ਼ਾਨਾ ਲਗਾਤਾਰ 10 ਦਿਨ ਚੱਲੇ ਇਸ ਕੈਂਪ ਦੌਰਾਨ ਬੱਚਿਆਂ ਵਿਚ ਗੁਰਮਤਿ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲਿਆ। ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਵਡਾਲਾ, ਹਰਿੰਦਰ ਸਿੰਘ ਬਿੱਟੂ ਵਡਾਲਾ ਤੇ ਅਮਰੀਕ ਸਿੰਘ ਠੇਕੇਦਾਰ ਵਲੋਂ ਵੀ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਜਿਥੇ ਅਰਦਾਸ ਕੀਤੀ ਗਈ ਉਥੇ ਸਮਾਪਤੀ ਉਪਰੰਤ ਨੌਜਵਾਨਾਂ ਤੇ ਸੰਗਤਾਂ ਵਲੋਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਮਨਵੀਰ ਸਿੰਘ ਵਡਾਲਾ ਨੇ ਦੱਸਿਆ ਕਿ ਅਜਿਹੇ ਕੈਂਪਾਂ ਦਾ ਮੁੱਖ ਉਦੇਸ਼ ਬੱਚਿਆਂ ਅੰਦਰ ਸਿੱਖ ਇਤਿਹਾਸ ਅਤੇ ਗੁਰਬਾਣੀ ਪ੍ਰਤੀ ਲਗਾਅ ਪੈਦਾ ਕਰਨਾ ਹੈ। ਉਨ੍ਹਾਂ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਧਰਮ ਦੀ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਮਾਪਿਆਂ ਸਮੇਤ ਪਿੰਡ ਦਾ ਨਾਮ ਰੌਸ਼ਨ ਕਰਨ। ਇਹ ਕੈਂਪ ਮਾਪਿਆਂ ਲਈ ਵੀ ਇਕ ਚੇਤਨਤਾ ਹੈ ਕਿ ਉਹ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਬਾਬਾ ਬਲਜਿੰਦਰ ਸਿੰਘ ਵਡਾਲਾ, ਬਾਬਾ ਬਿਕਰਮਜੀਤ ਸਿੰਘ, ਪ੍ਰਧਾਨ ਬੀਬੀ ਬਲਜੀਤ ਕੌਰ, ਬੀਬੀ ਬਲਵਿੰਦਰ ਕੌਰ ਵਡਾਲਾ, ਸਰਪੰਚ ਚਰਨਜੀਤ ਸਿੰਘ, ਹਰਿੰਦਰ ਸਿੰਘ ਬਿੱਟੂ, ਅਮਰੀਕ ਸਿੰਘ ਠੇਕੇਦਾਰ, ਹਰਮਨਪ੍ਰੀਤ ਸਿੰਘ, ਕੰਵਲਜੀਤ ਸਿੰਘ, ਅਮਨਪ੍ਰੀਤ ਸਿੰਘ, ਦਲੇਰ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੇ ਸਿੱਖਿਆਰਤੀ ਤੇ ਸੰਗਤਾਂ ਹਾਜ਼ਰ ਸਨ।