11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਹਰੀਕੇ ਇਲਾਕੇ ਦੀਆਂ ਸੰਪਰਕ ਸੜਕਾਂ ਮੋਟਾ ਪੱਥਰ ਪਾਉਣ ਤੋਂ ਬਾਅਦ ਲਾਵਾਰਿਸ ਛੱਡੀਆਂ

Ad Position 21
No active advertisement
ਅਜੀਤ ਡੈਸਕ 01-07-2026
ਹਰੀਕੇ ਪੱਤਣ, 30 ਜੂਨ (ਸੰਜੀਵ ਕੁੰਦਰਾ)– ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਤੇ ਬਹੁਤ ਕਰਦੀਆਂ ਹਨ, ਪਰ ਅਸਲ ਹਕੀਕਤ ਕੁਝ ਹੋਰ ਹੁੰਦੀ ਹੈ, ਜਿੱਥੇ ਪ੍ਰਸ਼ਾਸ਼ਨ ਦੀ ਅਣਦੇਖੀ ਲੋਕਾਂ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ, ਅਜਿਹੀ ਹੀ ਉਦਹਾਰਣ ਹੈ। ਕਸਬਾ ਹਰੀਕੇ ਪੱਤਣ ਇਲਾਕੇ ਦੀਆਂ ਸੰਪਰਕ ਸੜਕਾਂ ਜੋ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ ਜਿਨ੍ਹਾਂ ਦੀਆਂ ਮੁਰੰਮਤ ਦਾ ਕੰਮ ਤਾਂ ਸ਼ੁਰੂ ਕੀਤਾ ਗਿਆ ਪਰ ਅੱਧ ਵਿਚਾਲੇ ਛੱਡਿਆ ਕੰਮ ਲੋਕਾਂ ਲਈ ਮੁਸੀਬਤ ਬਣਿਆ ਹੈ । ਹਰੀਕੇ ਪੱਤਣ ਮੇਨ ਚੌਕ ਵਿਚੋਂ ਹਰੀਕੇ ਪਿੰਡ ਤੇ ਮਰੜ ਨੂੰ ਜਾਂਦੀ ਸੰਪਰਕ ਸੜਕ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਪਰ ਮੋਟਾ ਪੱਥਰ ਪਾਉਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ, ਜਿਸ ਕਾਰਨ ਲੋਕਾਂ ਲਈ ਇਹ ਸੜਕ ਮੁਸੀਬਤ ਬਣ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਮੁਸੀਬਤ ਨਾਲੋਂ ਤਾਂ ਪਹਿਲੀ ਸੜਕ ਹੀ ਚੰਗੀ ਸੀ । ਇਸੇ ਤਰ੍ਹਾਂ ਕਸਬਾ ਹਰੀਕੇ ਪੱਤਣ ਟਾਵਰ ਮੁਹੱਲੇ ਤੋਂ ਗੁਰਦੁਆਰਾ ਬਾਬਾ ਭਗਤ ਸਿੰਘ ਜੀ ਸਿੱਧ ਮਸਤ ਨੂੰ ਜਾਂਦੀ ਸੜਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਹੈ ਦੇ ਕੁਝ ਹਿੱਸੇ ਦੀ ਮੁਰੰਮਤ ਲਈ ਮੋਟਾ ਪੱਥਰ ਪਾ ਕੇ ਰਾਹਗੀਰਾਂ ਲਈ ਬਿਪਤਾ ਸਹੇੜ ਦਿੱਤੀ, ਜਿੱਥੇ ਇਸ ਸੜਕ ਦੀ ਬਦਤਰ ਹਾਲਾਤ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੇ ਸ਼ਰਧਾਲੂ ਪ੍ਰੇਸ਼ਾਨ ਹਨ, ਉੱਥੇ ਹਥਾੜ ਖੇਤਰ ਨੂੰ ਜਾਣ ਵਾਲੇ ਲੋਕ ਵੀ ਸਰਕਾਰ ਨੂੰ ਕੋਸ ਰਹੇ ਹਨ। ਇਸ ਸੜਕ ਤੋਂ ਰੋਜ਼ਾਨਾ ਸੈਂਕੜੇ ਸ਼ਰਧਾਲੂ ਗੁਰਦੁਆਰਾ ਸਾਹਿਬ ਨੂੰ ਜਾਂਦੇ ਹਨ ਪਰ ਸੜਕ ਤੇ ਖਿਲਾਰਿਆਂ ਮੋਟਾ ਪੱਥਰ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਬਣ ਗਿਆ ਹੈ। ਇਸੇ ਤਰ੍ਹਾਂ ਰਾਸ਼ਟਰੀ ਮਾਰਗ 54 ਤੋਂ ਗੁਰਦੁਆਰਾ ਰਾਠੀਕੇ ਸਾਹਿਬ ਮਰਹਾਣਾ ਨੂੰ ਜਾਂਦੀ ਸੰਪਰਕ ਸੜਕ ਦੀ ਮੁਰੰਮਤ ਦਾ ਕੰਮ ਵੀ ਅੱਧ ਵਿਚਾਲੇ ਛੱਡਿਆ ਗਿਆ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਵੱਡੀ ਮੁਸ਼ਕਿਲ ਬਣੀ ਹੋਈ ਹੈ, ਦੋ ਪਹੀਆਂ ਵਾਹਨਾਂ ਲਈ ਇਹ ਮੋਟਾ ਪੱਥਰ ਵੱਡੀ ਮੁਸੀਬਤ ਹੈ ਪਰ ਪ੍ਰਸ਼ਾਸਨ ਇਸ ਤੋਂ ਅਣਜਾਣ ਬਣਿਆ ਬੈਠਾ ਹੈ। ਪ੍ਰਸ਼ਾਸਨ ਦੀ ਅਣਦੇਖੀ ਅਤੇ ਠੇਕੇਦਾਰ ਵਲੋਂ ਅੱਧ ਵਿਚਾਲੇ ਲਟਕਾਏ ਕੰਮ ਕਾਰਨ ਹਜ਼ਾਰਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਹੈ। ਇੰਨਾ ਸਾਰੀਆਂ ਸੜਕਾਂ ’ਤੇ ਪੱਥਰ ਪਾਏ ਨੂੰ ਲਗਪਗ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਇਸ ਤੋਂ ਬਾਅਦ ਇਸ ਵੱਲ ਵੇਖਿਆ ਨਹੀਂ ਗਿਆ। ਮੋਟਾ ਪੱਥਰ ਪਾਉਣ ਤੋਂ ਬਾਅਦ ਲਾਵਾਰਿਸ ਛੱਡੀਆਂ ਸੜਕਾਂ ਦੀ ਸਾਰ ਲੈਣ ਦੀ ਲੋੜ ਹੈ ।
ਸੜਕਾਂ ਦਾ ਅੱਧ ਵਿਚਾਲੇ ਛੱਡਿਆ ਕੰਮ ਲੋਕਾਂ ਲਈ ਵੱਡੀ ਮੁਸੀਬਤ- ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਸੜਕਾਂ ਦਾ ਅੱਧ ਵਿਚਾਲੇ ਛੱਡਿਆ ਕੰਮ ਰਾਹਗੀਰਾਂ ਲਈ ਵੱਡੀ ਮੁਸੀਬਤ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਮੁਕੰਮਲ ਕਰਨ ਸੰਬੰਧੀ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਨੂੰ ਵੀ ਕਈ ਵਾਰ ਕਿਹਾ ਗਿਆ ਹੈ ਪਰ ਅਜੇ ਤੱਕ ਕੰਮ ਅਧੂਰਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੁਸ਼ਕਲ ਨੂੰ ਵੇਖਦਿਆਂ ਹੋਇਆਂ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ ਜਾਵੇ। ਅਤੇ ਕਸਬਾ ਹਰੀਕੇ ਪੱਤਣ ਦੀਆਂ 7 ਹੋਰ ਸੜਕਾਂ ਜੋ ਪਾਸ ਹੋਈਆਂ ਹਨ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ ।
ਕੀ ਕਹਿੰਦੇ ਹਨ ਵਿਭਾਗ ਦੇ ਐਕਸੀਅਨ- ਇਸ ਸੰਬੰਧੀ ਜਦ ਸੰਬੰਧਤ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਵਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਸੜਕਾਂ ’ਤੇ ਮੋਟਾ ਪੱਥਰ ਪਾਇਆ ਗਿਆ ਹੈ, ਉਨ੍ਹਾਂ ਸੜਕਾਂ ’ਤੇ ਲੁੱਕ ਵਗੈਰਾ ਪਾ ਕੇ 4-5 ਦਿਨਾਂ ਵਿਚ ਕੰਮ ਮੁਕੰਮਲ ਕੀਤਾ ਜਾਵੇਗਾ ਅਤੇ ਬਾਕੀ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਐੱਮ. ਪੱਟੀ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀਆਂ ਚੱਲ ਰਹੀਆ ਮੀਟਿੰਗਾਂ ਦੀ ਲੜੀ ਤਹਿਤ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਡਾ. ਕਰਨਵੀਰ ਸਿੰਘ ਨੇ ਭਰੇ ਹੋਏ ਗਣਨਾ ਫਾਰਮ ਇਕੱਤਰ ਕੀਤੇ ਜਾਣ ਦੇ ਕੰਮ ਦਾ ਲਿਆ ਜਾਇਜ਼ਾ
Ad Position 24