ਗੋਇੰਦਵਾਲ ਸਾਹਿਬ, 30 ਜੂਨ (ਸਕੱਤਰ ਸਿੰਘ ਅਟਵਾਲ)- ਪੰਜਾਬ ਵਿਚ ਇਸ ਵੇਲੇ ਭਿਆਨਕ ਗਰਮੀ ਪੈ ਰਹੀ ਹੈ ਤੇ ਅਜਿਹੇ ਮੌਸਮ ਵਿਚ ਬਿਜਲੀ ਤੋਂ ਬਿਨਾਂ ਲੋਕਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਪੰਜਾਬ ਵਿਚ ਇਸ ਗਰਮੀ ਦੇ ਦੌਰ ਵਿਚ ਫਸਲਾਂ ਅਤੇ ਖੇਤਾਂ ਨੂੰ ਪਾਣੀ ਲਈ ਵੀ ਬਿਜਲੀ ਦੀ ਭਾਰੀ ਮੰਗ ਹੁੰਦੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਪੰਜਾਬ ਭਰ ਵਿਚ ਬਿਜਲੀ ਦੇ ਲੰਬੇ ਅਤੇ ਵਾਰ ਵਾਰ ਕੱਟ ਲੱਗ ਰਹੇ ਹਨ, ਜਿਨ੍ਹਾਂ ਕਰਕੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਪਿਛਲੇ ਕਈ ਦਿਨਾਂ ਤੋਂ ਪ੍ਰਭਾਵਤ ਹੋ ਰਹੇ ਹਨ, ਕਿਉਂਕਿ ਕੱਚੇ ਤੇ ਠੇਕੇ ਤੇ ਰੱਖੇ ਮੁਲਾਜ਼ਮ ਹੜਤਾਲ ’ਤੇ ਹਨ, ਪਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਇਹ ਸ਼ਬਦ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਟੇਜਾਂ ਉੱਪਰ ਝੂਠੇ ਦਮਗਜ਼ੇ ਮਾਰਨ ਦੀ ਥਾਂ ਪੰਜਾਬ ਸਰਕਾਰ ਬਿਜਲੀ ਸਮੱਸਿਆ ਨੂੰ ਗੰਭੀਰਤਾ ਨਾਲ ਸੁਲਝਾਵੇ ਅਤੇ ਲੋਕਾਂ ਦੀ ਸਾਰ ਲਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਗਹਿਲੀ ਅਤੇ ਗਲਤ ਨੀਤੀਆਂ ਦਾ ਖਮਿਆਜ਼ਾ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹਨ l ਇਸ ਮੌਕੇ ਅਮਰਪਾਲ ਸਿੰਘ ਖਹਿਰਾ ਨਾਲ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ, ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਭੈਲ, ਜ਼ਿਲ੍ਹਾ ਸਕੱਤਰ ਸੁਖਵੰਤ ਸਿੰਘ ਖਡੂਰ ਸਾਹਿਬ, ਜ਼ਿਲ੍ਹਾ ਮੀਡੀਆ ਇੰਚਾਰਜ ਦਸਬਿੰਦਰ ਸਿੰਘ ਗੋਇੰਦਵਾਲ, ਸਤਨਾਮ ਸਿੰਘ ਫਤਿਆਬਾਦ, ਬਚਿੱਤਰ ਸਿੰਘ ਅਲਾਵਲਪੁਰ, ਹਰਜੀਤ ਸਿੰਘ ਫਿਰੋਜ਼ਪੁਰੀਆ, ਤਰਲੋਚਨ ਸਿੰਘ ਤੇ ਅਜੈ ਬਾਵਾ ਆਦਿ ਮੌਜੂਦ ਸਨ।