ਨੌਸ਼ਿਹਰਾ ਪੰਨੂੰਆ, 18 ਜੁਲਾਈ (ਦੀਪਕ ਮੈਣੀ)– ਸੇਰੋ ਖੰਡ ਮਿੱਲ ਮੋਰਚੇ ’ਤੇ ਬੈਠੇ ਕਿਸਾਨਾਂ ਨੇ ਪੰਜਾਬ ਤੇ ਭਾਰਤ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ 22 ਜੁਲਾਈ ਨੂੰ ਸਾਰੇ ਪੰਜਾਬ ਦੀ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਤਿੰਨੇ ਟੋਲ ਪਲਾਜੇ ਤਿੰਨ ਘੰਟਿਆਂ ਲਈ ਫਰੀ ਕੀਤੇ ਜਾਣਗੇ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿਉਂਕਿ ਮੋਦੀ ਸਰਕਾਰ ਅਮਰੀਕਾ ਸਾਮਰਾਜ ਨਾਲ ਮੁਕਤ ਵਪਾਰ ਸਮਝੌਤਾ ਕਰਨ ਲਈ ਕਾਹਲੀ ਹੈ, ਜਿਸ ਨਾਲ ਭਾਰਤੀ ਖੇਤੀ ਤੇ ਕਾਰੋਬਾਰੀ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਅਤੇ ਮਜ਼ਦੂਰ ਕੰਮ ਤੋਂ ਵਿਹਲੇ ਕਰ ਦਿੱਤੇ ਜਾਣਗੇ। ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਤਰਸੇਮ ਸਿੰਘ ਲੁਹਾਰ, ਬਲਕਾਰ ਸਿੰਘ ਵਲਟੋਹਾ, ਨਛੱਤਰ ਸਿੰਘ ਮੁਗ਼ਲ ਚੱਕ, ਮਨਜੀਤ ਸਿੰਘ ਬੱਗੂ ਤੇ ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਦਿੱਲੀ ਭੁੱਖ ਹੜਤਾਲ ’ਤੇ ਬੈਠੇ ਸਮਾਜਿਕ ਕਾਰਕੁਨ ਵਾਂਗਚੁੱਕ ਚੁੱਕਣਾ ਨਿੰਦਣਯੋਗ ਹੈ। ਚਾਹੀਦਾ ਤਾਂ ਇਹ ਸੀ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੋਂ ਅਸਤੀਫਾ ਲਿਆ ਜਾਂਦਾ ਪਰ ਕੇਂਦਰ ਸਰਕਾਰ ਤਾਨਾਸ਼ਾਹੀ ਵਿਖਾ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਕਿਹਾ ਕਿ ਅਮਰੀਕਾ ਦਾ ਬਣਿਆ ਮਾਲ ਭਾਰਤ ਵਿੱਚ ਖੁੱਲੇਆਮ ਵਿਕਣ ਨਾਲ ਸਾਡੀ ਖੇਤੀ ਤੇ ਕਾਰੋਬਾਰੀ ਸੈਕਟਰ ਸੰਕਟ ਵਿਚ ਆਵੇਗਾ ਕਿਉਂਕਿ ਮਾੜੇ ਤਕੜੇ ਦੀ ਕੋਈ ਬਰਾਬਰੀ ਵਾਲੀ ਸਾਂਝ ਨਹੀਂ ਹੁੰਦੀ । ਅਮਰੀਕਾ ਦੀ ਖੇਤੀ ਨੂੰ ਨੱਬੇ ਫੀਸਦੀ ਸਬਸਿਡੀ ਮਿਲਦੀ ਹੈ ਜਦੋਂ ਕਿ ਭਾਰਤ ਵਿਚ ਦੋ ਫੀਸਦੀ ਵੀ ਨਹੀਂ ਮਿਲਦੀ। ਆਗੂਆਂ ਕਿਹਾ ਕਿ ਸਾਮਰਾਜੀ ਤਾਕਤਾਂ ਨਾਲ ਤੀਜੀ ਦੁਨੀਆਂ ਦੇ ਦੇਸ਼ਾਂ ਦੀ ਕੋਈ ਸਾਂਝ ਨਹੀਂ ਪੁੱਗ ਸਕਦੀ। ਭਾਰਤ ਨੂੰ ਅਮਰੀਕਾ ਦੀ ਬਜਾਏ ਗੁਆਂਢੀ ਦੇਸ਼ਾਂ ਨਾਲ ਵਪਾਰ ਸਮਝੌਤੇ ਕਰਨੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਂਬੀਰ ਸਿੰਘ ਗਿੱਲ, ਸੁਖਬਾਜ ਸਿੰਘ ਸਿੱਧੂ, ਸੁਖਦੇਵ ਸਿੰਘ ਤੁੜ, ਜੱਸਾ ਸਿੰਘ ਕੱਦਗਿੱਲ, ਜਸਬੀਰ ਸਿੰਘ ਨਿੱਜਰਪੁਰਾ, ਰੇਸ਼ਮ ਸਿੰਘ ਫੈਲੋਕੇ, ਗੁਰਦਿਆਲ ਸਿੰਘ ਵਰਨਾਲਾ, ਰਤਨ ਸਿੰਘ ਢੰਡ,ਅਜੀਤ ਸਿੰਘ ਲਹੀਆਂ, ਬਲਦੇਵ ਸਿੰਘ ਬੰਗਾਲੀਪੁਰ, ਪ੍ਰਗਟ ਸਿੰਘ ਸੇਰੋ, ਅਮਰੀਕ ਸਿੰਘ ਸੇਰੋ, ਕਸ਼ਮੀਰ ਸਿੰਘ ਸ਼ੇਰੋਂ ਸੁਲੱਖਣ ਸਿੰਘ ਤੁੜ, ਨਰਿੰਦਰ ਸਿੰਘ ਤੁੜ ਵੀ ਮੌਜੂਦ ਸਨ।