ਤਰਨ ਤਾਰਨ, 28 ਜੁਲਾਈ (ਹਰਿੰਦਰ ਸਿੰਘ)-ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਨੇਹਦੀਪ ਸ਼ਰਮਾ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਦੀ ਨਿਗਰਾਨੀ ਹੇਠ ਜ਼ਿਲ੍ਹਾ ਤਰਨ ਤਾਰਨ ਪੁੁਲਿਸ ਵਲੋਂ ਨਸ਼ਿਆਂ, ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ‘ਆਪਰੇਸ਼ਨ ਪ੍ਰਹਾਰ 4.0’ ਚਲਾਇਆ ਗਿਆ, ਜੋ ਕਿ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹੇ ਭਰ ਵਿਚ 26 ਗਜ਼ਟਡ ਅਫਸਰਾਨ ਦੀ ਨਿਗਰਾਨੀ ਹੇਂਠ ਪੁਲਿਸ ਦੀਆਂ 110 ਤੋਂ ਵੱਧ ਟੀਮਾਂ ਤਾਇਨਾਤ ਕਰਕੇ 1200 ਤੋਂ ਵੱਧ ਪੁਲਿਸ ਕਰਮਚਾਰੀਆਂ ਦੇ ਵਲੋਂ ਨਸ਼ਾ ਤਸਕਰਾਂ, ਸਰਹੱਦ ਪਾਰ ਤਸਕਰਾਂ, ਗੈਂਗਸਟਰਾਂ, ਭਗੌੜੇ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਇਕੋ ਸਮੇਂ ਵਿਆਪਕ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਨੂੰ ਸਹਾਰਾ ਦੇਣ ਵਾਲੇ ਪੂਰੇ ਨੈੱਟਵਰਕ ਨੂੰ ਤੋੜਨਾ ਹੈ। ਇਸ ਆਪ੍ਰੇਸ਼ਨ ਦੀ ਅਗਵਾਈ ਕਰਦਿਆਂ ਡੀ.ਆਈ.ਜੀ. ਸਨੇਹਦੀਪ ਸ਼ਰਮਾ ਇਸ ਮੁਹਿੰਮ ਦਾ ਜਾਇਜਾ ਲੈਣ ਲਈ ਤਰਨ ਤਾਰਨ ਵਿਖੇ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਤਹਿਤ ਤਰਨ ਤਾਰਨ ਪੁਲਿਸ ਵਲੋਂ 128 ਤੋਂ ਵੱਧ ਵਿਅਕਤੀ ਜਿਹਨਾਂ ਵਿਚ ਕੱਟੜ ਲੋੜੀਂਦੇ ਅਪਰਾਧੀ, ਡਰੱਗ ਸਮੱਗਲਰ ਗ੍ਰਿਫਤਾਰ ਅਤੇ ਰਾਊਂਡ ਅੱਪ ਕੀਤੇ ਗਏ ਹਨ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਸਰਹੱਦੀ ਪਿੰਡਾਂ ਅਤੇ ਨਸ਼ਾ ਪ੍ਰਭਾਵਿਤ ਹਾਟਸਪਾਟ ਇਲਾਕਿਆਂ ਵਿਚ ਵਿਸ਼ੇਸ਼ ਤਲਾਸ਼ੀ ਅਤੇ ਨਿਗਰਾਨੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਡਰੋਨ ਰਾਹੀਂ ਹੋਣ ਵਾਲੀ ਤਸਕਰੀ ਨੂੰ ਰੋਕਣ, ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਕਾਬੂ ਕਰਨ ਅਤੇ ਸਰਹੱਦੀ ਖੇਤਰਾਂ ਵਿਚ ਸਰਗਰਮ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਖ਼ਤ ਚੌਕਸੀ ਬਰਕਰਾਰ ਰੱਖੀ। ਇਸੇ ਦੌਰਾਨ ਹੋਟਲਾਂ, ਗੈਸਟ ਹਾਊਸਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਸੰਵੇਦਨਸ਼ੀਲ ਜਨਤਕ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਅਤੇ ਤਸਦੀਕ ਮੁਹਿੰਮ ਚਲਾਈ ਗਈ। ਸ਼ੱਕੀ ਵਿਅਕਤੀਆਂ, ਵਾਹਨਾਂ ਅਤੇ ਅਦਾਰਿਆਂ ਦੀ ਜਾਂਚ ਕਰਕੇ ਜ਼ਿਲ੍ਹੇ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਗਏ। ਉਨ੍ਹਾਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੀ ਮਰਜ਼ੀ ਨਾਲ ਆਤਮ ਸਮਰਪਣ ਕਰ ਦੇਣ। ਇਸ ਮੌਕੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਕਿਹਾ ਕਿ ਬਾਰਡਰ ਰੇਂਜ ਪੁਲਿਸ ਨਸ਼ਾ ਤਸਕਰਾਂ, ਸਰਹੱਦ ਪਾਰ ਸਮੱਗਲਰਾਂ, ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੰਜਾਬ ਵਿਚ ਕਿਸੇ ਵੀ ਹਾਲਤ ਵਿਚ ਸੁਰੱਖਿਅਤ ਪਨਾਹ ਨਹੀਂ ਲੈਣ ਦੇਵੇਗੀ।