ਕਮਿਊਨਿਸਟ ਹਮਾਇਤੀਆਂ ਵਲੋਂ ਦਿੱਲੀ ਰੈਲੀ ਵਿਚ ਜਾਣ ਪ੍ਰਤੀ ਪੂਰਾ ਉਤਸ਼ਾਹ–ਬਾਠ, ਲੱਧੂ
ਭਿੱਖੀਵਿੰਡ, 21 ਅਗਸਤ (ਬੌਬੀ)–ਸੀ. ਪੀ.
ਭਿੱਖੀਵਿੰਡ, 21 ਅਗਸਤ (ਬੌਬੀ)–ਸੀ.ਪੀ.ਆਈ. ਵਲੋ ਕੁੱਲ ਹਿੰਦ ਪੱਧਰ ਦੀ ਰੈਲੀ 1 ਸਤੰਬਰ ਨੂੰ ਦਿੱਲੀ ਵਿਖੇ ਹੋ ਰਹੀ ਹੈ, ਜਿਸ ਵਿਚ ਦੇਸ਼ ਭਰ ’ਚੋਂ ਲੱਖਾਂ ਲੋਕ ਪਹੁੰਚ ਰਹੇ ਹਨ। ਰੈਲੀ ਦੀ ਤਿਆਰੀ ਅਤੇ ਦੇਸ਼ ਦੇ ਮਜੂਦਾ ਹਾਲਾਤਾਂ ਬਾਰੇ ਸੀ.ਪੀ.ਆਈ. ਦੇ ਵਿਚਾਰ ਲੋਕਾਂ ਤੱਕ ਲਿਜਾਣ ਲਈ ਦੇਸ਼ ਭਰ ਵਿਚ ਜਨ ਜਾਗਰਨ ਮੁਹਿੰਮ ਆਰੰਭੀ ਹੋਈ ਹੈ, ਉਸੇ ਪ੍ਰੋਗਰਾਮ ਤਹਿਤ ਸੀ.ਪੀ.ਆਈ. ਇਲਾਕਾ ਭਿੱਖੀਵਿੰਡ ਵਲੋਂ ਗੁਰਮੀਤ ਕੌਰ ਭਗਵਾਨਪੁਰਾ ਤੇ ਕੁਲਦੀਪ ਸਿੰਘ ਤਤਲੇ ਦੀ ਅਗਵਾਈ ਹੇਠ ਪਿੰਡ ਭਗਵਾਨਪੁਰਾ ਤੇ ਤਤਲੇ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਸੰਬੋਧਨ ਦੌਰਾਨ ਸੀ.ਪੀ.ਆਈ. ਬਲਾਕ ਭਿੱਖੀਵਿੰਡ ਦੇ ਪ੍ਰਮੁੱਖ ਆਗੂ ਰਛਪਾਲ ਸਿੰਘ ਬਾਠ ਅਤੇ ਬਲਾਕ ਦੇ ਮੀਤ ਸਕੱਤਰ ਟਹਿਲ ਸਿੰਘ ਲੱਧੂ ਨੇ ਕਿਹਾ ਕਿ 1 ਸਤੰਬਰ ਨੂੰ ਦਿੱਲੀ ਰੈਲੀ ਵਿਚ ਜਾਣ ਪ੍ਰਤੀ ਪਾਰਟੀ ਮੈਂਬਰਾਂ ਤੇ ਹਮਦਰਦਾਂ ਵਿਚ ਪੂਰਾ ਉਤਸ਼ਾਹ ਹੈ। ਆਗੂਆਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਨਰੇਗਾ ਕਾਨੂੰਨ ਖਤਮ ਕਰਕੇ ਇਸਦੀ ਜਗ੍ਹਾ ਜਿਹੜਾ ਨਵਾਂ ਕਾਨੂੰਨ ਕੰਮ ਲੈਣ ਲਈ ਬਣਾਇਆ ਉਸ ਦੀਆਂ ਸ਼ਰਤਾਂ ਨਰੇਗਾ ਕਾਮਿਆਂ ਵਾਸਤੇ ਪੂਰੀਆਂ ਕਰਨੀਆਂ ਬਹੁਤ ਮੁਸ਼ਕਿਲ ਹਨ। ਨਰੇਗਾ ਕਾਮੇਂ ਕੰਮ ਮੰਗ ਰਹੇ ਹਨ ਪਰ ਦੂਜੇ ਪਾਸੇ ਸਰਕਾਰ ਨੇ ਨਰੇਗਾ ਕਾਨੂੰਨ ਅਧੀਨ ਕੰਮ ਲੈਣ ਲਈ ਜਿਹੜੇ ਪਹਿਲੇ ਜਾਬ ਕਾਰਡ ਬਨਣੇ ਸਨ ਉਹ ਖਤਮ ਕਰ ਦਿੱਤੇ ਹਨ ਅਤੇ ਉਸ ਦੀ ਜਗ੍ਹਾ ਤੇ ਨਵੇਂ ਜਾਬ ਕਾਰਡ ਬਣਾਉਣੇ ਹਨ। ਨਵੇਂ ਜਾਬ ਕਾਰਡ ਹਾਲੇ ਬਨਾਉਣੇ ਵੀ ਸ਼ੁਰੂ ਨਹੀਂ ਕੀਤੇ ਗਏ। ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਕਾਰਡ ਨਾ ਬਣਾਏ ਗਏ ਤਾਂ ਦਿੱਲੀ ਰੈਲੀ ਤੋਂ ਬਾਅਦ ਜਲਦੀ ਹੀ ਭਿੱਖੀਵਿੰਡ ਬਲਾਕ ਵਿਚ ਨਰੇਗਾ ਅਫਸਰ ਅੱਗੇ ਬਲਾਕ ਪੱਧਰ ਤੇ ਧਰਨਾ ਮਾਰ ਕੇ ਸੜਕਾਂ ਤੇ ਪ੍ਰਦਰਸ਼ਨ ਕੀਤਾ ਜਾਵੇਗਾ।