ਪੱਟੀ ਇਲਾਕੇ ’ਚ ‘ਚਿੱਟੇ ਨਸ਼ੇ’ ਦੇ ਨਾਲ ‘ਚਿੱਟੇ ਦੁੱਧ’ ਦਾ ਧੰਦਾ ਵੀ ਬਣਿਆ ਲੋਕਾਂ ਲਈ ਚਿੰਤਾ ਦਾ ਵਿਸ਼ਾ
ਨਕਲੀ ਦੁੱਧ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ, ਖੋਆ, ਪਨੀਰ ਤੇ ਹੋਰ ਖਾਦ ਪਦਾਰਥਾਂ ਦੀ ਬਾਹਰੀ ਇਲਾਕਿਆਂ ’ਚ ਸਪਲਾਈ ਹੋਣ ਦੇ ਦਾਅਵੇ
ਪੱਟੀ, 30 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਹਲਕਾ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਆ ਰਿਹਾ ਹੈ, ਉੱਥੇ ਹੁਣ ਨਕਲੀ ਜਾਂ ਸਿੰਥੈਟਿਕ ਦੁੱਧ ਅਤੇ ਇਸ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ ਦਾ ਮਾਮਲਾ ਵੀ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਲਾਕੇ ਵਿਚ ਕਥਿਤ ਤੌਰ ’ਤੇ ਤਿਆਰ ਹੋ ਰਹੇ ਨਕਲੀ ਦੁੱਧ ਤੋਂ ਖੋਆ, ਪਨੀਰ, ਦਹੀਂ, ਰਸਗੁੱਲੇ, ਗੁਲਾਬ ਜਾਮਣ ਸਮੇਤ ਵੱਖ-ਵੱਖ ਮਠਿਆਈਆਂ ਤਿਆਰ ਕਰਕੇ ਬਾਜ਼ਾਰਾਂ ਵਿੱਚ ਵੇਚੇ ਜਾਣ ਸਬੰਧੀ ਲਗਾਤਾਰ ਚਰਚਾ ਹੋ ਰਹੀ ਹੈ।
ਪੱਟੀ, 30 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਹਲਕਾ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਆ ਰਿਹਾ ਹੈ, ਉੱਥੇ ਹੁਣ ਨਕਲੀ ਜਾਂ ਸਿੰਥੈਟਿਕ ਦੁੱਧ ਅਤੇ ਇਸ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ ਦਾ ਮਾਮਲਾ ਵੀ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਲਾਕੇ ਵਿਚ ਕਥਿਤ ਤੌਰ ’ਤੇ ਤਿਆਰ ਹੋ ਰਹੇ ਨਕਲੀ ਦੁੱਧ ਤੋਂ ਖੋਆ, ਪਨੀਰ, ਦਹੀਂ, ਰਸਗੁੱਲੇ, ਗੁਲਾਬ ਜਾਮਣ ਸਮੇਤ ਵੱਖ-ਵੱਖ ਮਠਿਆਈਆਂ ਤਿਆਰ ਕਰਕੇ ਬਾਜ਼ਾਰਾਂ ਵਿੱਚ ਵੇਚੇ ਜਾਣ ਸਬੰਧੀ ਲਗਾਤਾਰ ਚਰਚਾ ਹੋ ਰਹੀ ਹੈ। ਹਾਲ ਹੀ ਵਿਚ ਫਿਰੋਜ਼ਪੁਰ ਇਲਾਕੇ ਵਿਚ ਕਥਿਤ ਤੌਰ ’ਤੇ ਫੜੀਆਂ ਗਈਆਂ ਨਕਲੀ ਮਠਿਆਈਆਂ ਸੰਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਇਸ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇਨ੍ਹਾਂ ਵੀਡੀਓਜ਼ ਅਤੇ ਸਾਹਮਣੇ ਆ ਰਹੀਆਂ ਜਾਣਕਾਰੀਆਂ ਵਿਚ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਕੁਝ ਮਠਿਆਈਆਂ ਪੱਟੀ ਇਲਾਕੇ ਵਿਚ ਤਿਆਰ ਹੋ ਕੇ ਬਾਹਰੀ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਸੰਬੰਧਿਤ ਵਿਭਾਗਾਂ ਵਲੋਂ ਕੀਤੀ ਜਾਣੀ ਬਾਕੀ ਹੈ। ਛਾਪੇਮਾਰੀ ਤੋਂ ਅੱਗੇ ਵਧ ਕੇ ਕਾਰਵਾਈ ਦੀ ਮੰਗ ਭਾਵੇਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਵਿਭਾਗ ਵਲੋਂ ਸਮੇਂ-ਸਮੇਂ ’ਤੇ ਮਠਿਆਈਆਂ, ਦੁੱਧ ਅਤੇ ਹੋਰ ਖਾਧ ਪਦਾਰਥਾਂ ਦੇ ਨਮੂਨੇ ਲੈਣ ਅਤੇ ਛਾਪੇਮਾਰੀ ਕਰਨ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਪਰ ਲੋਕਾਂ ਦਾ ਸਵਾਲ ਹੈ ਕਿ ਜੇਕਰ ਮਿਲਾਵਟੀ ਖਾਦ ਪਦਾਰਥ ਤਿਆਰ ਕਰਨ ਵਾਲੀਆਂ ਇਕਾਈਆਂ ਜਾਂ ਫੈਕਟਰੀਆਂ ਮੌਜੂਦ ਹਨ ਤਾਂ ਉਨ੍ਹਾਂ ਦੀ ਪਛਾਣ ਕਰਕੇ ਸਖ਼ਤ ਅਤੇ ਨਿਰੰਤਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਲੋਕਾਂ ਨੇ ਮੰਗ ਕੀਤੀ ਹੈ ਕਿ ਪੱਟੀ ਸ਼ਹਿਰ ਦੇ ਨਾਲ-ਨਾਲ ਆਸ-ਪਾਸ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਦੁੱਧ, ਖੋਆ, ਪਨੀਰ ਅਤੇ ਮਠਿਆਈਆਂ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਵਿਸ਼ੇਸ਼ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਬਾਹਰੀ ਜ਼ਿਲ੍ਹਿਆਂ ਵਿਚ ਸਪਲਾਈ ਹੋਣ ਵਾਲੀਆਂ ਮਠਿਆਈਆਂ ਦੇ ਸਰੋਤ ਦੀ ਵੀ ਜਾਂਚ ਕੀਤੀ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਖਾਦ ਪਦਾਰਥ ਕਿੱਥੇ ਤਿਆਰ ਹੋ ਰਹੇ ਹਨ ਅਤੇ ਇਨ੍ਹਾਂ ਵਿਚ ਵਰਤੀ ਜਾ ਰਹੀ ਸਮੱਗਰੀ ਮਿਆਰਾਂ ਅਨੁਸਾਰ ਹੈ ਜਾਂ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ‘ਚਿੱਟੇ ਨਸ਼ੇ’ ਦੀ ਸਮੱਸਿਆ ਨਾਲ ਜੂਝ ਰਹੇ ਪੱਟੀ ਇਲਾਕੇ ਵਿੱਚ ਜੇਕਰ ‘ਚਿੱਟੇ ਦੁੱਧ’ ਦੇ ਨਾਂਅ ਹੇਠ ਨਕਲੀ ਅਤੇ ਗੈਰ-ਮਿਆਰੀ ਖਾਦ ਪਦਾਰਥਾਂ ਦਾ ਕਾਰੋਬਾਰ ਵੀ ਵਧ ਰਿਹਾ ਹੈ ਤਾਂ ਇਹ ਆਉਣ ਵਾਲੇ ਸਮੇਂ ਲਈ ਹੋਰ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਲਈ ਸਿਰਫ਼ ਅਖਬਾਰਾਂ ਵਿਚ ਕਾਰਵਾਈ ਦੀਆਂ ਖ਼ਬਰਾਂ ਛਪਾਉਣ ਦੀ ਬਜਾਇ ਮਿਲਾਵਟਖੋਰੀ ਦੇ ਸਰੋਤ ਤੱਕ ਪਹੁੰਚ ਕੇ ਪ੍ਰਭਾਵਸ਼ਾਲੀ ਅਤੇ ਨਿਰੰਤਰ ਕਾਰਵਾਈ ਕਰਨ ਦੀ ਲੋੜ ਹੈ।