ਨਾਸ਼ਪਾਤੀ ਦੇ ਬਾਗ਼ਾਂ ਲਈ ਸਹੀ ਬੂਟੇ, ਸਹੀ ਤਕਨੀਕ ਤੇ ਪਾਣੀ ਦੀ ਸੁਚੱਜੀ ਵਰਤੋਂ ਜ਼ਰੂਰੀ - ਤਜਿੰਦਰ ਸਿੰਘ
ਤਰਨ ਤਾਰਨ, 18 ਸਤੰਬਰ (ਹਰਿੰਦਰ ਸਿੰਘ)- ਅਜੋਕੇ ਸਮੇਂ ਵਿਚ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਬਾਗਬਾਨੀ ਫ਼ਸਲਾਂ ਦਾ ਅਹਿਮ ਯੋਗਦਾਨ ਹੈ। ਇਸ ਲਈ ਆਉਣ ਵਾਲੇ ਦਸੰਬਰ-ਜਨਵਰੀ ਮਹੀਨਿਆਂ ਵਿਚ ਪੱਤਝੜ ਰੁੱਤ ਦੇ ਨਾਸ਼ਪਾਤੀ, ਆੜੂ, ਆਲੂ ਬੁਖਾਰਾ ਆਦਿ ਦੇ ਫਲਾਂ ਦੀ ਕਾਸ਼ਤ ਦਾ ਢੁੱਕਵਾਂ ਸਮਾਂ ਹੈ।
ਡ
ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਜ਼ਿਮੀਂਦਾਰਾਂ ਦੇ ਬਾਗਾਂ ਦਾ ਨਿਰੀਖਣ ਕਰਦੇ ਹੋਏ। ਤਸਵੀਰ–ਲਵਲੀ
19-09-2026
ਤਰਨ ਤਾਰਨ, 18 ਸਤੰਬਰ (ਹਰਿੰਦਰ ਸਿੰਘ)- ਅਜੋਕੇ ਸਮੇਂ ਵਿਚ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਬਾਗਬਾਨੀ ਫ਼ਸਲਾਂ ਦਾ ਅਹਿਮ ਯੋਗਦਾਨ ਹੈ। ਇਸ ਲਈ ਆਉਣ ਵਾਲੇ ਦਸੰਬਰ-ਜਨਵਰੀ ਮਹੀਨਿਆਂ ਵਿਚ ਪੱਤਝੜ ਰੁੱਤ ਦੇ ਨਾਸ਼ਪਾਤੀ, ਆੜੂ, ਆਲੂ ਬੁਖਾਰਾ ਆਦਿ ਦੇ ਫਲਾਂ ਦੀ ਕਾਸ਼ਤ ਦਾ ਢੁੱਕਵਾਂ ਸਮਾਂ ਹੈ। ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਨੇ ਜ਼ਿਮੀਂਦਾਰਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਨਾਸ਼ਪਾਤੀ ਦਾ ਬਾਗ ਲਗਾਉਣ ਲਈ ਬੂਟਿਆਂ ਦੀ ਬੁਕਿੰਗ/ ਖ਼ਰੀਦ ਹਮੇਸ਼ਾ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਹੀ ਕਰਨੀ ਚਾਹੀਦੀ ਹੈ। ਨਿੱਜੀ ਜਾਂ ਗੈਰ-ਪ੍ਰਮਾਣਿਤ ਸਰੋਤਾਂ ਤੋਂ ਨਾਸ਼ਪਾਤੀ ਦੇ ਬੂਟੇ ਖ਼ਰੀਦਣ ਤੋਂ ਗੁਰੇਜ਼ ਕੀਤਾ ਜਾਵੇ। ਇਹ ਗੱਲ ਵਿਸ਼ੇਸ਼ ਤੌਰ ’ਤੇ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਨਾਸ਼ਪਾਤੀ ਦੇ ਬਾਗ਼ ਨੂੰ ਫਲ ਆਉਣ ਲਈ ਲੱਗਭਗ 7-8 ਸਾਲ ਲੱਗ ਜਾਂਦੇ ਹਨ। ਇਸ ਲਈ ਉਨ੍ਹਾਂ ਬਾਗਬਾਨਾਂ ਨੂੰ ਬੂਟਿਆਂ ਦੀ ਗੁਣਵੱਤਾ ਅਤੇ ਸਰੋਤ ਬਾਰੇ ਕੋਈ ਸਮਝੌਤਾ ਨਾ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਨਾਸ਼ਪਾਤੀ ਦੇ ਬਾਗ਼ਾਂ ਵਿਚ ਪਾਣੀ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ਵੱਖ-ਵੱਖ ਬਾਗਾਂ ਦੇ ਕੀਤੇ ਗਏ ਫੀਲਡ ਦੌਰਿਆਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਪੁਰਾਣੇ ਨਾਸ਼ਪਾਤੀ ਦੇ ਬਾਗਾਂ ਵਿਚ ਬਾਗਬਾਨਾਂ ਵਲੋਂ ਲੋੜ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਬੂਟਿਆਂ ਵਿਚਕਾਰ ਅਜਿਹੀਆਂ ਫ਼ਸਲਾਂ ਵੀ ਬੀਜੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਅਤੇ ਬਾਗਬਾਨੀ ਵਿਭਾਗ ਵਲੋਂ ਸਲਾਹ ਦਿੱਤੀ ਗਈ ਹੈ ਕਿ ਨਾਸ਼ਪਾਤੀ ਦੇ ਬਾਗ਼ਾਂ ਵਿਚ ਪਾਣੀ ਦੀ ਲੋੜ ਅਨੁਸਾਰ ਹੀ ਸਿੰਚਾਈ ਕੀਤੀ ਜਾਵੇ ਅਤੇ ਅਜਿਹੀਆਂ ਅੰਤਰਾਲ ਫ਼ਸਲਾਂ ਦੀ ਚੋਣ ਕੀਤੀ ਜਾਵੇ, ਜਿਨ੍ਹਾਂ ਲਈ ਬਹੁਤ ਘੱਟ ਪਾਣੀ ਦੀ ਲੋੜ ਪੈੰਦੀ ਹੋਵੇ। ਉਨ੍ਹਾਂ ਕਿਹਾ ਕਿ ਬਾਗ਼ਬਾਨੀ ਨਾਲ ਸਬੰਧਤ ਕਿਸੇ ਵੀ ਤਕਨੀਕੀ ਜਾਣਕਾਰੀ, ਬੂਟਿਆਂ ਦੀ ਚੋਣ, ਬਾਗ ਲਗਾਉਣ ਦੀ ਵਿਧੀ, ਸਿੰਚਾਈ ਜਾਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਜ਼ਿਲ੍ਹੇ ਦੇ ਬਾਗਬਾਨੀ ਅਧਿਕਾਰੀ/ਡਿਪਟੀ ਡਾਇਰੈਕਟਰ ਬਾਗਬਾਨੀ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।