ਮਾਊਂਟ ਲਿਟਰਾ ਜ਼ੀ ਸਕੂਲ ਤਰਨ ਤਾਰਨ ਵਿਖੇ ਅੰਡਰ-14 ਨੈਸ਼ਨਲ ਕਬੱਡੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)–ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਵਾਲੀ ਨਾਮਵਰ ਵਿਦਿਅਕ ਸੰਸਥਾ ਸਥਾਨਕ ਮਾਊਂਟ ਲਿਟਰਾ ਜ਼ੀ ਸਕੂਲ ਵਿਚ ਅੰਡਰ-14 ਸਟੇਟ ਕਬੱਡੀ ਟੂਰਨਾਮੈਂਟ ਬੜੇ ਹੀ ਉਤਸ਼ਾਹ ਅਤੇ ਜੋਸ਼ੋ-ਖ਼ਰੋਸ਼ ਨਾਲ ਸ਼ੁਰੂ ਹੋ ਗਿਆ ਹੈ। ਰਾਸ਼ਟਰੀ ਪੱਧਰ ਦੇ ਇਸ ਵੱਕਾਰੀ ਟੂਰਨਾਮੈਂਟ ਨੂੰ ਆਪਣੇ ਕੈਂਪਸ ਵਿਚ ਹੋਸਟ ਕਰਨ ਦਾ ਮਾਣ ਇਸ ਵਾਰ ਮਾਊਂਟ ਲਿਟਰਾ ਜ਼ੀ ਸਕੂਲ ਨੂੰ ਮਿਲਿਆ ਹੈ ।
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)–ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਵਾਲੀ ਨਾਮਵਰ ਵਿਦਿਅਕ ਸੰਸਥਾ ਸਥਾਨਕ ਮਾਊਂਟ ਲਿਟਰਾ ਜ਼ੀ ਸਕੂਲ ਵਿਚ ਅੰਡਰ-14 ਸਟੇਟ ਕਬੱਡੀ ਟੂਰਨਾਮੈਂਟ ਬੜੇ ਹੀ ਉਤਸ਼ਾਹ ਅਤੇ ਜੋਸ਼ੋ-ਖ਼ਰੋਸ਼ ਨਾਲ ਸ਼ੁਰੂ ਹੋ ਗਿਆ ਹੈ। ਰਾਸ਼ਟਰੀ ਪੱਧਰ ਦੇ ਇਸ ਵੱਕਾਰੀ ਟੂਰਨਾਮੈਂਟ ਨੂੰ ਆਪਣੇ ਕੈਂਪਸ ਵਿਚ ਹੋਸਟ ਕਰਨ ਦਾ ਮਾਣ ਇਸ ਵਾਰ ਮਾਊਂਟ ਲਿਟਰਾ ਜ਼ੀ ਸਕੂਲ ਨੂੰ ਮਿਲਿਆ ਹੈ । ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਈ । ਇਸ ਵਿਸ਼ੇਸ਼ ਮੌਕੇ ’ਤੇ ਹੋਏ ਸ਼ਾਨਦਾਰ ਉਦਘਾਟਨੀ ਸਮਾਗਮ ਵਿਚ ਮੁੱਖ ਹੋਸਟ ਵਜੋਂ ਆਮ ਆਦਮੀ ਪਾਰਟੀ ਦੇ ਮਾਲਵਾ ਪ੍ਰਧਾਨ ਭੁਪਿੰਦਰ ਸਿੰਘ ਖਾਲੜਾ, ਸਕੂਲ ਦੇ ਐਮ.ਡੀ. ਗੁਰਵੰਤ ਸਿੰਘ ਅਤੇ ਡਾਇਰੈਕਟਰ ਕੁਲਦੀਪ ਸਿੰਘ, ਪ੍ਰਿੰਸੀਪਲ ਗਗਨਦੀਪ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਇਲਾਕੇ ਦੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ, ਜਿਨ੍ਹਾਂ ਵਿਚ ਯਾਦਵਿੰਦਰ ਸਿੰਘ, ਕੌਂਸਲਰ ਜਰਨੈਲ ਸਿੰਘ, ਕੌਂਸਲਰ ਜਸਕਰਨ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਯੁਵਰਾਜ ਸਿੰਘ, ਐਮ.ਸੀ. ਮਾਨ ਸਿੰਘ ਕਲੇਰ, ਐਮ.ਸੀ. , ਨਰਿੰਦਰ ਸਿੰਘ ਨਾਗੀ, ਐਮ.ਸੀ. ਸਰਬਜੀਤ ਸਿੰਘ ਭੁੱਲਰ ਅਤੇ ਐਮ.ਸੀ. ਸੁਰਿੰਦਰ ਸਿੰਘ ਮੱਲੀ ਸ਼ਾਮਿਲ ਸਨ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਏ ਹੋਏ ਮੁੱਖ ਮਹਿਮਾਨਾਂ ਵਲੋਂ ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਕਰਵਾਈ ਗਈ ਅਤੇ ਪੂਰਾ ਮੈਦਾਨ ਤਾੜੀਆਂ ਦੀ ਗੂੰਜ ਅਤੇ ਖਿਡਾਰੀਆਂ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਵੱਕਾਰੀ ਟੂਰਨਾਮੈਂਟ ਵਿਚ ਆਪਣੀ ਖੇਡ ਦਾ ਬਿਹਤਰੀਨ ਪ੍ਰਦਰਸ਼ਨ ਕਰਨ ਅਤੇ ਟਰਾਫੀ ’ਤੇ ਕਬਜ਼ਾ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਜ਼ਿਲ੍ਹਿਆਂ ਵਿਚੋਂ ਲਗਪਗ 26 ਚੋਟੀ ਦੀਆਂ ਟੀਮਾਂ ਵਿਸ਼ੇਸ਼ ਤੌਰ ’ਤੇ ਤਰਨ ਤਾਰਨ ਪਹੁੰਚੀਆਂ ਹਨ। ਸਕੂਲ ਪ੍ਰਬੰਧਕਾਂ ਵਲੋਂ ਦੂਰ-ਦੁਰਾਡੇ ਤੋਂ ਆਏ ਇਨ੍ਹਾਂ ਨੰਨ੍ਹੇ ਖਿਡਾਰੀਆਂ, ਕੋਚ ਸਾਹਿਬਾਨ ਅਤੇ ਆਫੀਸ਼ੀਅਲਸ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਸੁਰੱਖਿਆ ਦੇ ਪੁਖ਼ਤਾ ਅਤੇ ਸ਼ਾਨਦਾਰ ਇੰਤਜ਼ਾਮ ਕੀਤੇ ਗਏ ਹਨ, ਜਿਸ ਦੀ ਸਭ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਸਮਾਗਮ ਦੌਰਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਗਗਨਦੀਪ ਸ਼ਰਮਾ ਅਤੇ ਐਮ.ਡੀ. ਗੁਰਵੰਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ (ਮਾਨਸਿਕ ਅਤੇ ਸਰੀਰਕ) ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਕੂਲ ਅਜਿਹੇ ਰਾਸ਼ਟਰੀ ਪੱਧਰ ਦੇ ਵੱਡੇ ਮੁਕਾਬਲੇ ਕਰਵਾ ਕੇ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਸ ਨਾਲ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਵੱਡਾ ਪਲੇਟਫਾਰਮ ਮਿਲਦਾ ਹੈ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਅਤੇ ਮੋਬਾਈਲ ਫੋਨਾਂ ਦੀ ਬੇਲੋੜੀ ਵਰਤੋਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਦੇਸ਼ ਦਾ ਨਾਾਮ ਰੋਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਟੂਰਨਾਮੈਂਟ ਦੇ ਪਹਿਲੇ ਦਿਨ ਦੀਆਂ ਖੇਡਾਂ ਦੌਰਾਨ ਖੇਡ ਮੈਦਾਨ ਵਿਚ ਬੇਹੱਦ ਸਖ਼ਤ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਮੈਚਾਂ ਦੌਰਾਨ ਜਿੱਥੇ ਵੱਖ-ਵੱਖ ਟੀਮਾਂ ਦੇ ਕੋਚ ਖਿਡਾਰੀਆਂ ਦੀ ਰਣਨੀਤੀ ਘੜਦੇ ਨਜ਼ਰ ਆਏ, ਉੱਥੇ ਹੀ ਵੱਡੀ ਗਿਣਤੀ ਵਿਚ ਪਹੁੰਚੇ ਖੇਡ ਪ੍ਰੇਮੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਹਰ ਇੱਕ ਰੇਡ ਅਤੇ ਜੱਫੇ ‘ਤੇ ਖਿਡਾਰੀਆਂ ਦਾ ਜੋਸ਼ ਵਧਾਇਆ ।