ਲੁਧਿਆਣਾ, 1 ਜਨਵਰੀ (ਜਸਵਿੰਦਰ ਸਿੰਘ)-ਪਿ੍ਥੀਪਾਲ ਸਿੰਘ ਹਾਕੀ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਆਰੀਅਨ ਹਾਕੀ ਕੱਪ ਅੰਡਰ 14 (ਲੜਕੇ) ਦੇ ਆਖਰੀ ਦਿਨ ਸਾਬਕਾ ਭਾਰਤੀ ਖਿਡਾਰੀ ਅਤੇ ਕੋਚ ਸੁਖਵੀਰ ਸਿੰਘ ਗਰੇਵਾਲ ਦੀ ਨਿਗਰਾਨੀ ਵਿਚ ਕਰਵਾਏ ਗਏ ਹਾਕੀ ਕਲੀਨਿਕ ਦੇ ਸਿੱਟੇ ਵਜੋਂ ਨੌਜਵਾਨ ਪੀੜ੍ਹੀ ਨੂੰ ਖੇਡ ਦੀਆਂ ਰਣਨੀਤੀਆਂ ਨੂੰ ਵਿਗਿਆਨਕ ਤੌਰ 'ਤੇ ਸਮਝਣ ਲਈ ਪ੍ਰੇਰਿਤ ਕੀਤਾ ਗਿਆ | ਹਾਰਡ ਲਾਈਨ ਪੁਜ਼ੀਸ਼ਨ ਮੈਚ ਪੀ.ਆਈ.ਐਸ. ਮੋਹਾਲੀ ਅਤੇ ਗੁਰੂ ਨਾਨਕ ਹਾਕੀ ਅਕੈਡਮੀ ਚਾਹਲ ਕਲਾਂ, ਗੁਰਦਾਸਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਪੀ.ਆਈ.ਐਸ. ਮੋਹਾਲੀ ਨੇ ਇਹ ਮੈਚ 2-1 ਗੋਲਾਂ ਨਾਲ ਜਿੱਤਿਆ | ਪੀ.ਆਈ.ਐਸ. ਮੋਹਾਲੀ ਦੇ ਜੈਦੀਪ ਸਿੰਘ ਨੇ ਮੈਚ ਦੇ 12ਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ ਨੂੰ ਆਪਣੀ ਟੀਮ ਲਈ ਗੋਲ ਵਿਚ ਬਦਲ ਦਿੱਤਾ | ਮੈਚ ਦੇ 24ਵੇਂ ਮਿੰਟ ਵਿਚ ਗੁਰੂ ਨਾਨਕ ਹਾਕੀ ਅਕੈਡਮੀ ਚਾਹਲ ਕਲਾਂ ਦੇ ਗੁਰਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ ਬਰਾਬਰ ਕਰ ਦਿੱਤਾ, ਪਰ ਮੈਚ ਦੇ 26ਵੇਂ ਮਿੰਟ ਵਿਚ ਪੀ.ਆਈ.ਐਸ. ਮੋਹਾਲੀ ਦੇ ਗੁਰਵੀਰ ਸਿੰਘ ਨੇ ਆਪਣੀ ਟੀਮ ਲਈ ਫੀਲਡਿੰਗ ਕਰਕੇ ਗੋਲ ਬੋਰਡ ਵਜਾ ਕੇ ਸਕੋਰ 2-1 ਕਰ ਦਿੱਤਾ | ਜੇ.ਪੀ. ਸਿੰਘ ਸੇਵਾਮੁਕਤ ਏ.ਡੀ.ਸੀ. ਇਸ ਮੈਚ ਦੇ ਮੁੱਖ ਮਹਿਮਾਨ ਸਨ | ਗੁਰੂ ਨਾਨਕ ਹਾਕੀ ਅਕੈਡਮੀ ਚਾਹਲ ਕਲਾਂ ਦੇ ਸਾਹਿਲ ਨੂੰ ਇਸ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ | ਖਿਤਾਬ ਲਈ ਮੈਚ ਸੁਰਜੀਤ ਹਾਕੀ ਅਕੈਡਮੀ, ਜਲੰਧਰ ਅਤੇ ਬਾਬਾ ਫ਼ਤਿਹ ਸਿੰਘ ਹਾਕੀ ਅਕੈਡਮੀ ਹਰਚੋਵਾਲ ਗੁਰਦਾਸਪੁਰ ਵਿਚਕਾਰ ਖੇਡਿਆ ਗਿਆ | ਪ੍ਰਗਟ ਸਿੰਘ ਓਲੰਪੀਅਨ ਅਤੇ ਪਦਮ ਐਵਾਰਡੀ ਦੇ ਨਾਲ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ, ਪੰਜਾਬ ਸਰਕਾਰ ਇਸ ਮੈਚ ਦੇ ਮੁੱਖ ਮਹਿਮਾਨ ਸਨ | ਮੈਚ ਦੇ ਨਿਰਧਾਰਿਤ ਸਮੇਂ ਦੌਰਾਨ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ | ਪੈਨਲਟੀ ਸ਼ੂਟਆਊਟ ਵਿਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ ਆਰੀਅਨ ਹਾਕੀ ਕੱਪ ਦਾ ਜੇਤੂ ਐਲਾਨ ਕੀਤਾ | ਬਾਬਾ ਫ਼ਤਿਹ ਸਿੰਘ ਹਾਕੀ ਅਕੈਡਮੀ ਹਰਚੋਵਾਲ ਗੁਰਦਾਸਪੁਰ ਦੇ ਜਸਕਰਨ ਸਿੰਘ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ | ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਸਾਰੀਆਂ ਭਾਗੀਦਾਰ ਟੀਮਾਂ ਨੂੰ ਖੇਡ ਕਿੱਟਾਂ ਵੀ ਦਿੱਤੀਆਂ ਗਈਆਂ | ਅੰਤ ਵਿਚ ਪ੍ਰਗਟ ਸਿੰਘ ਓਲੰਪੀਅਨ ਨੇ ਸਾਰੇ ਖਿਡਾਰੀਆਂ ਨੂੰ ਸੰਬੋਧਨ ਕੀਤਾ, ਹਾਕੀ ਦੇ ਖੇਤਰ ਵਿਚ ਆਪਣਾ ਕੀਮਤੀ ਅਨੁਭਵ ਸਾਂਝਾ ਕੀਤਾ | ਉਨ੍ਹਾਂ ਨੇ ਆਰੀਅਨ ਹਾਕੀ ਕਲੱਬ ਵਲੋਂ ਹਾਕੀ ਦੇ ਪ੍ਰਚਾਰ ਲਈ ਕੀਤੇ ਗਏ ਉਪਰਾਲੇ ਦੀ ਵੀ ਸ਼ਲਾਘਾ ਕੀਤੀ |