ਲੁਧਿਆਣਾ, 31 ਜਨਵਰੀ (ਡਾ. ਤਰਲੋਚਨ ਸਿੰਘ)-ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ, ਮਾਡਲ ਟਾਊਨ ਦੇ ਰੈੱਡ ਰਿਬਨ ਕਲੱਬ ਵਲੋਂ ਅੱਜ ਕਾਲਜ ਕੈਂਪਸ ਵਿਚ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਜਾਗਰੂਕਤਾ ਫੈਲਾਉਣ ਅਤੇ ਕੋਹੜ ਨਾਲ ਜੁੜੀਆਂ ਮਿੱਥਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਵਿਸ਼ਵ ਕੋਹੜ ਦਿਵਸ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੂੰ ਕੋਹੜ ਦੇ ਕਾਰਨਾਂ, ਲੱਛਣਾਂ, ਇਲਾਜ ਅਤੇ ਰੋਕਥਾਮ ਨੂੰ ਉਜਾਗਰ ਕਰਨ ਵਾਲੀਆਂ ਜਾਣਕਾਰੀ ਭਰਪੂਰ ਦਸਤਾਵੇਜ਼ੀ ਫ਼ਿਲਮਾਂ ਦੀ ਸਕਰੀਨਿੰਗ ਰਾਹੀਂ ਵਿਸ਼ਵ ਕੋਹੜ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ | ਕਲੱਬ ਕੋਆਰਡੀਨੇਟਰ ਡਾ. ਨਿਧੀ ਸ਼ਰਮਾ ਅਤੇ ਡੇਜ਼ੀ ਵਾਧਵਾ ਨੇ ਦਿਨ ਦੇ ਥੀਮ ''ਕੋਹੜ ਇਲਾਜਯੋਗ ਹੈ, ਅਸਲ ਚੁਨੌਤੀ ਕਲੰਕ ਹੈU ਬਾਰੇ ਵਿਸਥਾਰ ਨਾਲ ਦੱਸਿਆ | ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਨੌਜਵਾਨ ਮਨਾਂ ਨੂੰ ਸਿੱਖਿਅਤ ਕਰਨ ਅਤੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਮਾਜਿਕ ਪੱਖਪਾਤ ਨੂੰ ਤੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |