ਲੁਧਿਆਣਾ, 3 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਕੰਗਣਵਾਲ ਇਲਾਕੇ ਵਿਚ ਮੰਗਲਵਾਰ ਸਵੇਰੇ ਇਕ ਸਕਰੈਪ ਟਾਇਰ ਗੋਦਾਮ ਵਿਚ ਅਚਾਨਕ ਅੱਗ ਲੱਗਣ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਅੱਗ ਲੱਗਦੇ ਹੀ ਗੋਦਾਮ ਵਿਚੋਂ ਉਠਿਆ ਧੂੰਆਂ ਆਸਮਾਨ ਵਿਚ ਫੈਲ ਗਿਆ, ਜਿਸ ਕਾਰਨ ਨੇੜਲੀਆਂ ਫ਼ੈਕਟਰੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਰਹਿੰਦੇ ਲੋਕਾਂ ਵਿਚ ਘਬਰਾਹਟ ਪੈਦਾ ਹੋ ਗਈ ਅਤੇ ਕਈ ਲੋਕ ਸੁਰੱਖਿਆ ਦੇ ਮੱਦੇਨਜ਼ਰ ਘਰਾਂ ਤੋਂ ਬਾਹਰ ਨਿਕਲ ਆਏ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਗੋਦਾਮ ਵਿਚੋਂ ਧੰੂਆਂ ਨਿਕਲਦਾ ਨਜ਼ਰ ਆਇਆ | ਕੁੱਝ ਹੀ ਸਮੇਂ ਵਿਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰਾ ਸਕਰੈਪ ਟਾਇਰ ਗੋਦਾਮ ਅੱਗ ਦੀ ਲਪੇਟ ਵਿਚ ਆ ਗਿਆ | ਗੋਦਾਮ ਵਿਚ ਸਕਰੈਪ ਟਾਇਰ ਸਾੜ ਕੇ ਤੇਲ ਅਤੇ ਕੈਮੀਕਲ ਕੱਢਣ ਦਾ ਕੰਮ ਕੀਤਾ ਜਾਂਦਾ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਚਲੀ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀ ਇਕ ਗੱਡੀ ਤੁਰੰਤ ਮੌਕੇ 'ਤੇ ਪੁੱਜੀ, ਪਰ ਅੱਗ ਦੇ ਵਧਦੇ ਪੱਧਰ ਨੰੂ ਦੇਖਦਿਆਂ ਫਾਇਰ ਬਿ੍ਗੇਡ ਦੇ ਦਸਤੇ ਦੀਆਂ ਹੋਰ ਪੰਜ ਗੱਡੀਆਂ ਵੀ ਬੁਲਾਈਆਂ ਗਈਆਂ | ਫਾਇਰ ਬਿ੍ਗੇਡ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਇਸ ਦੌਰਾਨ ਆਸ-ਪਾਸ ਦੇ ਇਲਾਕੇ ਨੰੂ ਸੁਰੱਖਿਆ ਵਜੋਂ ਘੇਰ ਲਿਆ ਗਿਆ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ | ਖੁਸ਼ਕਿਸਮਤੀ ਨਾਲ ਇਸ ਅੱਗ ਦੀ ਘਟਨਾ ਵਿਚ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ, ਪਰ ਗੋਦਾਮ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਅੱਗ ਲੱਗਣ ਦਾ ਮੁੱਢਲਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਮੌਕੇ 'ਤੇ ਪੁਲਿਸ ਵੀ ਪਹੁੰਚ ਗਈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ | ਨਾਲ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਸੁਰੱਖਿਆ ਪ੍ਰਬੰਧਾਂ ਦੀ ਪੜਤਾਲ ਕੀਤੀ ਜਾ ਰਹੀ ਹੈ |