ਲੁਧਿਆਣਾ, 3 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਨੂੰ ਸਮਾਰਟ ਸਿਟੀ ਦੀ ਸੂਚੀ ਵਿਚ ਦਰਜ ਕੀਤੇ ਜਾਣ ਦੇ ਬਾਵਜੂਦ ਸ਼ਹਿਰ ਦੀ ਅਸਲੀ ਤਸਵੀਰ ਕੁੱਝ ਹੋਰ ਹੀ ਬਿਆਨ ਕਰ ਰਹੀ ਹੈ | ਸ਼ਹਿਰ ਦੇ ਪੋਸ਼ ਇਲਾਕਿਆਂ ਵਿਚ ਟ੍ਰੈਫਿਕ ਪ੍ਰਬੰਧ, ਪਾਰਕਿੰਗ ਨਿਯਮ ਅਤੇ ਪ੍ਰਸ਼ਾਸਨਿਕ ਨਿਗਰਾਨੀ ਦੀ ਭਾਰੀ ਕਮੀ ਦਿੱਖ ਰਹੀ ਹੈ | ਮਾਡਲ ਟਾਊਨ ਸਥਿਤ ਗੋਲ ਮਾਰਕੀਟ ਇਸ ਦੀ ਜਿਊਾਦੀ-ਜਾਗਦੀ ਮਿਸਾਲ ਬਣ ਚੁੱਕੀ ਹੈ | ਮਾਰਕੀਟ ਵਿਚ ਲਗਭਗ ਹਰ ਦੁਕਾਨ ਦੇ ਬਾਹਰ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਨਾਲ ਸੜਕ ਦੀ ਚੌੜਾਈ ਘੱਟ ਗਈ ਹੈ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਗ੍ਰਾਹਕਾਂ ਦੀ ਸਹੂਲਤ ਦੇ ਨਾਂਅ 'ਤੇ ਪਾਰਕਿੰਗ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ | ਮਾਰਕੀਟ ਦੇ ਚੌਕ ਵਿਚ ਸਥਿਤ ਪਾਰਕ ਦੇ ਬਾਹਰ ਵੀ ਨਿਰੰਤਰ ਵਾਹਨ ਲੱਗੇ ਰਹਿੰਦੇ ਹਨ, ਜੋ ਟ੍ਰੈਫਿਕ ਜਾਮ ਨੂੰ ਹੋਰ ਭਿਆਨਕ ਬਣਾ ਦਿੰਦੇ ਹਨ | ਸਭ ਤੋਂ ਵਧ ਚੌਂਕਾਉਣ ਵਾਲੀ ਗੱਲ ਇਹ ਹੈ ਕਿ ਨਾ ਤਾਂ ਟ੍ਰੈਫਿਕ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਜ਼ਰ ਆ ਰਹੀ ਹੈ ਅਤੇ ਨਾ ਹੀ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਗੈਰਕਾਨੂੰਨੀ ਪਾਰਕਿੰਗ ਖ਼ਿਲਾਫ਼ ਸਖ਼ਤੀ ਦਿਖਾਈ ਦੇ ਰਹੀ ਹੈ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇ ਸ਼ਹਿਰ ਦੇ ਪੋਸ਼ ਇਲਾਕੇ ਦੀ ਇਹ ਸਥਿਤੀ ਹੈ ਤਾਂ ਹੋਰ ਇਲਾਕਿਆਂ ਦੇ ਹਾਲਾਤ ਬਾਰੇ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਲੋਕ ਇਹ ਵੀ ਦੱਸਦੇ ਹਨ ਕਿ ਮਾਰਕੀਟ ਕਮੇਟੀ ਵਲੋਂ ਪਾਰਕ ਸੰਬੰਧੀ ਮਸਲਿਆਂ 'ਤੇ ਤਾਂ ਅਕਸਰ ਆਵਾਜ਼ ਚੁੱਕੀ ਜਾਂਦੀ ਹੈ, ਪਰ ਟ੍ਰੈਫਿਕ ਅਤੇ ਗੈਰਕਾਨੰੂਨੀ ਪਾਰਕਿੰਗ ਵਰਗੀਆਂ ਗੰਭੀਰ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਸਮਾਰਟ ਸਿਟੀ ਦੇ ਵੱਡੇ ਦਾਅਵਿਆਂ ਦੇ ਦਰਮਿਆਨ ਗੋਲ ਮਾਰਕੀਟ ਦੀ ਇਹ ਹਾਲਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਿੱਧੇ ਸਵਾਲ ਖੜ੍ਹੇ ਕਰਦੀ ਹੈ | ਲੋਕਾਂ ਦੀ ਮੰਗ ਹੈ ਕਿ ਤੁਰੰਤ ਸਖ਼ਤ ਕਾਰਵਾਈ ਕਰਕੇ ਦੁਕਾਨਾਂ ਦੇ ਬਾਹਰ ਖੜ੍ਹੇ ਗੈਰਕਾਨੰੂਨੀ ਵਾਹਨ ਹਟਾਏ ਜਾਣ | ਪਾਰਕਿੰਗ ਨਿਯਮਾਂ ਨੰੂ ਲਾਗੂ ਕੀਤਾ ਜਾਵੇ ਅਤੇ ਟ੍ਰੈਫਿਕ ਪ੍ਰਬੰਧ ਸੁਧਾਰੇ ਜਾਣ, ਨਹੀਂ ਤਾਂ ਸਮਾਰਟ ਸਿਟੀ ਸਿਰਫ਼ ਕਾਗਜ਼ੀ ਦਾਅਵਾ ਹੀ ਬਣ ਕੇ ਰਹਿ ਜਾਵੇਗੀ |