ਲੁਧਿਆਣਾ, 21 ਫਰਵਰੀ (ਭੁਪਿੰਦਰ ਸਿੰਘ ਬੈਂਸ)-ਗਵਰਨਰ ਗੁਲਾਬ ਚੰਦ ਕਟਾਰੀਆ ਨੇ ਅੱਜ ਮਹਾਂਨਗਰ ਦੇ ਦੌਰੇ ਦੌਰਾਨ ਬੁੱਢਾ ਦਰਿਆ ਪੁਨਰਜੀਵਨ ਪੋ੍ਰਜੈਕਟ ਦੀ ਵਿਸਥਾਰ ਨਾਲ ਸਮੀਖਿਆ ਕਰਦਿਆਂ ਸੰਬੰਧਿਤ ਅਧਿਕਾਰੀਆਂ ਨੰੂ ਦਰਿਆ ਵਿਚ ਗੋਹਾ ਅਤੇ ਉਦਯੋਗਿਕ ਗੰਦਗੀ ਸੁੱਟਣ ਵਾਲਿਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ | ਗਵਰਨਰ ਕਟਾਰੀਆ ਨੇ ਤਾਜਪੁਰ ਰੋਡ ਸਥਿਤ ਸੰਗਤ ਘਾਟ ਨੇੜੇ ਮੌਕੇ ਦਾ ਜਾਇਜ਼ਾ ਲਿਆ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਹੋਰ ਅਧਿਕਾਰੀਆਂ ਨਾਲ ਬੋਟ ਰਾਈਡ ਕਰਕੇ ਦਰਿਆ ਦੀ ਹਾਲਤ ਦਾ ਨਿਰੀਖਣ ਕੀਤਾ | ਸੰਗਤ ਘਾਟ ਸੰਤ ਸੀਚੇਵਾਲ ਵਲੋਂ ਚੱਲ ਰਹੀ ਕਾਰ ਸੇਵਾ ਤਹਿਤ ਤਿਆਰ ਕੀਤਾ ਗਿਆ ਹੈ | ਇਸ ਮੌਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ, ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਖਹਿਰਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ | ਗਵਰਨਰ ਕਟਾਰੀਆ ਨੇ ਤਾਜਪੁਰ ਰੇਡ ਡੇਅਰੀ ਕੰਪਲੈਕਸ ਵਿਚ ਸਥਿਤ ਇਫਲੂਐਂਟ ਟਰੀਟਮੈਂਟ ਪਲਾਂਟ (ਈ.ਟੀ.ਪੀ.) ਦਾ ਵੀ ਨਿਰੀਖਣ ਕਰਕੇ ਉਥੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ | ਬਾਅਦ ਵਿਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਆਯੋਜਿਤ ਉਚ ਪੱਧਰੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੀਵਰੇਜ ਬੋਰਡ ਅਤੇ ਮਿੱਟੀ ਸੰਭਾਲ ਵਿਭਾਗ ਦੇ ਅਧਿਕਾਰੀਆਂ ਨੇ ਪੋ੍ਰਜੈਕਟ ਦੀ ਪ੍ਰਗਤੀ ਬਾਰੇ ਵਿਸਥਾਰਪੂਰਵਕ ਪ੍ਰਸਤੁਤੀ ਦਿੱਤੀ | ਗਵਰਨਰ ਕਟਾਰੀਆ ਨੇ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਵੀ ਉਲੰਘਣਾ ਸਾਹਮਣੇ ਆਵੇਗੀ, ਉਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ |